ਖੰਨਾ: ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਪ੍ਰਚਾਰਕ ਕਸ਼ਮੀਰ ਗਿਰੀ ਨੂੰ ਇਰਾਦਾ ਕਤਲ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚ ਦੌਰਾਨ ਇਹ ਖੁਲਾਸਾ ਵੀ ਹੋਇਆ ਕਿ ਇੱਕ ਸਾਲ ਪਹਿਲਾਂ ਇਸ ਆਗੂ ਨੇ ਸੁਰੱਖਿਆ ਵਧਾਉਣ ਲਈ ਖੁਦ ਉੱਪਰ ਆਪ ਹੀ ਸਾਜਿਸ਼ ਰਚ ਕੇ ਹਮਲਾ ਕਰਾਇਆ ਸੀ।
ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਇਸ ਦਾ ਖੁਲਾਸਾ ਕਰਦਿਆਂ ਦੱਸਿਆ ਕਿ 28 ਮਾਰਚ ਨੂੰ ਖੰਨਾ ਦੀ ਗੁਰੂ ਅਮਰਦਾਸ ਮਾਰਕੀਟ ਵਿਖੇ ਇੱਕ ਨੌਜਵਾਨ ਨਿਖਿਲ ਸ਼ਰਮਾ ਉੱਪਰ ਤਲਵਾਰਾਂ ਤੇ ਹੋਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉ ਸਨੂੰ ਜਖ਼ਮੀ ਕਰ ਦਿੱਤਾ ਸੀ। ਪੁਲਿਸ ਨੇ ਉਸ ਸਮੇਂ ਨਿਖਿਲ ਦੇ ਪਿਤਾ ਅਨਿਲ ਕੁਮਾਰ ਦੇ ਬਿਆਨਾਂ ਉੱਪਰ ਕਸ਼ਮੀਰ ਗਿਰੀ ਦੇ ਦੋਨੋਂ ਪੁੱਤਰਾਂ ਸਮੇਤ ਇੱਕ ਦਰਜਨ ਦੇ ਕਰੀਬ ਹਮਲਾਵਰਾਂ ਖਿਲਾਫ ਇਰਾਦਾ ਕਤਲ ਤੇ ਅਸਲਾ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਸੀ।
ਜਾਂਚ ਦੌਰਾਨ ਸਾਮਣੇ ਆਇਆ ਕਿ ਹਮਲੇ ਪਿੱਛੇ ਕਸ਼ਮੀਰ ਗਿਰੀ ਦੀ ਸ਼ਹਿ ਸੀ ਜਿਸ ਦੇ ਚੱਲਦਿਆਂ ਜਦੋਂ ਸਾਜਿਸ਼ ਰਚਣ ਦੇ ਦੋਸ਼ ਹੇਠ ਕਸ਼ਮੀਰ ਗਿਰੀ ਨੂੰ ਕਾਬੂ ਕੀਤਾ ਗਿਆ ਤਾਂ ਕਈ ਪੋਲਾਂ ਖੁੱਲ੍ਹੀਆਂ। ਜਾਂਚ ਦੌਰਾਨ ਕਸ਼ਮੀਰ ਗਿਰੀ ਨੇ ਮੰਨਿਆ ਕਿ 9 ਮਾਰਚ, 2020 ਨੂੰ ਉਸ ਉੱਪਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦਾ ਜੋ ਮੁਕੱਦਮਾ ਉਸ ਨੇ ਦਰਜ ਕਰਾਇਆ ਸੀ, ਉਹ ਵੀ ਉਸ ਦੀ ਹੀ ਸਾਜਿਸ਼ ਸੀ।
ਉਸ ਨੇ ਆਪਣੀ ਸੁਰੱਖਿਆ ਵਧਾਉਣ ਲਈ ਆਪਣੇ ਰਿਸ਼ਤੇਦਾਰਾਂ ਜਸਵਿੰਦਰ ਸਿੰਘ ਉਰਫ ਜੱਸੀ ਤੇ ਗੁਰਿੰਦਰ ਸਿੰਘ ਗਿੰਦੀ ਨੂੰ ਹਮਲਾ ਕਰਨ ਲਈ ਤਿਆਰ ਕੀਤਾ ਸੀ। ਕਸ਼ਮੀਰ ਗਿਰੀ ਤੇ ਉਸ ਦੇ ਬੇਟੇ ਰਾਜਨ ਬਾਵਾ ਨੇ ਇਨ੍ਹਾਂ ਨੂੰ ਚੰਡੀਗੜ੍ਹ ਵਿਖੇ ਪਿਸਤੌਲ ਮੁਹੱਈਆ ਕਰਾ ਕੇ ਮੁਹਾਲੀ ਦੇ ਪਿੰਡ ਗੋਬਿੰਦਗੜ੍ਹ ਵਿਖੇ ਪਿਸਤੌਲ ਚਲਾਉਣ ਦੀ ਟ੍ਰੇਨਿੰਗ ਵੀ ਦਿੱਤੀ ਸੀ।