ਪੰਜਾਬ ਸਮੇਤ ਹਰਿਆਣਾ ਵਿੱਚ ਈਡੀ ਨੇ ਗੈਰਕਾਨੂੰਨੀ ਢੰਗ ਨਾਲ ਬਾਹਰ ਭੇਜਣ ਵਾਲਿਆਂ ਦੀ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੰਜਾਬ ਅਤੇ ਹਰਿਆਣਾ ‘ਚ ਫੈਲੇ ਡੰਕੀ ਰੂਟ ਰਾਹੀਂ ਵਿਦੇਸ਼ ਭੇਜਣ ਵਾਲੇ ਗੈਰਕਾਨੂੰਨੀ ਨੈਟਵਰਕ ‘ਤੇ ਵੱਡੀ ਕਾਰਵਾਈ ਕਰਦਿਆਂ ਮਾਨਸਾ, ਕੁਰੂਕਸ਼ੇਤਰ ਅਤੇ ਕਰਨਾਲ ਵਿਚ 7 ਥਾਵਾਂ ‘ਤੇ ਛਾਪੇ ਮਾਰੇ। ਇਹ ਕਾਰਵਾਈ 11 ਜੁਲਾਈ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (PMLA), 2002 ਦੇ ਤਹਿਤ ਕੀਤੀ ਗਈ ਸੀ। ਮਾਮਲੇ ਦੀ ਦੋ ਦਿਨ ਜਾਂਚ ਤੋਂ ਬਾਅਦ, ਐਤਵਾਰ ਨੂੰ ED ਵੱਲੋਂ ਰਿਕਵਰੀ ਸਬੰਧੀ ਅਧਿਕਾਰਿਕ ਬਿਆਨ ਜਾਰੀ ਕੀਤਾ ਗਿਆ।
ਇਹ ਕਾਰਵਾਈ 9 ਜੁਲਾਈ ਨੂੰ ਹੋਈ ਪਿਛਲੀ ਛਾਪੇਮਾਰੀ ‘ਚ ਮਿਲੀ ਜਾਣਕਾਰੀ ਅਤੇ ਸਬੂਤਾਂ ਦੇ ਆਧਾਰ ‘ਤੇ ਕੀਤੀ ਗਈ ਸੀ। ਛਾਪੇਮਾਰੀ ਦੌਰਾਨ ED ਨੂੰ ਕਈ ਦੇਸ਼ਾਂ ਦੀਆਂ ਜਾਲਸਾਜੀ ਵਾਲੀਆਂ ਮੋਹਰਾਂ, ਵੀਜ਼ਾ ਟੈਂਪਲੇਟ, ਸ਼ੱਕੀ ਦਸਤਾਵੇਜ਼ ਅਤੇ ਡਿਜੀਟਲ ਡਿਵਾਈਸ ਮਿਲੀਆਂ, ਜਿਨ੍ਹਾਂ ਨੂੰ ED ਨੇ ਜ਼ਬਤ ਕਰ ਲਿਆ ਹੈ।
ਵਿਦੇਸ਼ ਭੇਜਣ ਲਈ ਵਰਤਦੇ ਸਨ ਨਕਲੀ ਸਰਕਾਰੀ ਮੋਹਰਾਂ
ਜਾਂਚ ਦੌਰਾਨ ਖੁਲਾਸਾ ਹੋਇਆ ਕਿ ਨਕਲੀ ਇਮੀਗ੍ਰੇਸ਼ਨ ਮੋਹਰਾਂ ਅਤੇ ਵਿਦੇਸ਼ੀ ਵੀਜ਼ਾ ਸਟੈਂਪਾਂ ਦਾ ਇਸਤੇਮਾਲ ਭਾਰਤੀ ਨਾਗਰਿਕਾਂ ਦੇ ਯਾਤਰਾ ਰਿਕਾਰਡ ‘ਚ ਚੇੜਛਾੜ ਕਰਕੇ ਉਨ੍ਹਾਂ ਨੂੰ ਕਾਨੂੰਨੀ ਦਿਖਾਉਣ ਲਈ ਕੀਤਾ ਜਾਂਦਾ ਸੀ। ਇਨ੍ਹਾਂ ਨਕਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਲੋਕਾਂ ਨੂੰ ਖ਼ਤਰਨਾਕ ਅਤੇ ਗੈਰਕਾਨੂੰਨੀ ਡੰਕੀ ਰੂਟ ਰਾਹੀਂ ਅਮਰੀਕਾ ਅਤੇ ਹੋਰ ਵਿਦੇਸ਼ੀ ਦੇਸ਼ਾਂ ਤੱਕ ਪਹੁੰਚਾਇਆ ਜਾਂਦਾ ਸੀ। ਇਨ੍ਹਾਂ ਰੂਟਾਂ ਵਿਚ ਲੋਕ ਕਈ ਦੇਸ਼ਾਂ ਦੀਆਂ ਸਰਹੱਦਾਂ ਗੈਰਕਾਨੂੰਨੀ ਢੰਗ ਨਾਲ ਪਾਰ ਕਰਦੇ ਸਨ ਅਤੇ ਇਸ ਦੌਰਾਨ ਤਸਕਰੀ ਨੈਟਵਰਕ ਨਾਲ ਜੁੜੇ ਡੰਕਰ ਉਨ੍ਹਾਂ ਦੀ ਮਦਦ ਕਰਦੇ ਸਨ।
ਈ.ਡੀ. ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਠੋਸ ਸਬੂਤ ਮਿਲੇ ਹਨ ਕਿ ਜਿਨ੍ਹਾਂ ਲੋਕਾਂ ਦੇ ਠਿਕਾਣਿਆਂ ‘ਤੇ ਰੇਡਾਂ ਮਾਰੀਆਂ ਗਈਆਂ, ਉਹ ਇਸ ਗੈਰਕਾਨੂੰਨੀ ਧੰਧੇ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਸਨ। ਇਨ੍ਹਾਂ ਵਿੱਚੋਂ ਕਈ ਲੋਕਾਂ ਨੇ ਇਸ ਕਾਰੋਬਾਰ ਰਾਹੀਂ ਵੱਡੀ ਮਾਤਰਾ ਵਿੱਚ ਚਲ ਅਤੇ ਅਚਲ ਜਾਇਦਾਦ ਵੀ ਇਕੱਠੀ ਕੀਤੀ। ਜ਼ਬਤ ਕੀਤੇ ਦਸਤਾਵੇਜ਼ਾਂ ਅਤੇ ਉਪਕਰਨਾਂ ਰਾਹੀਂ ਇਹ ਵੀ ਸਾਹਮਣੇ ਆਇਆ ਕਿ ਹਵਾਲਾ ਰਾਹੀਂ ਵਿਦੇਸ਼ਾਂ ਵਿੱਚ ਪੈਸਾ ਭੇਜਿਆ ਜਾ ਰਿਹਾ ਸੀ।
ਹਵਾਲਾ ਰਾਹੀਂ ਵਿਦੇਸ਼ੀ ਏਜੰਸੀਆਂ ਤੱਕ ਪਹੁੰਚਾਇਆ ਜਾਂਦਾ ਸੀ ਪੈਸਾ
ED ਦੀ ਪਹਿਲਾਂ ਹੋਈ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਗੈਰਕਾਨੂੰਨੀ ਇਮੀਗ੍ਰੇਸ਼ਨ ਅਤੇ ਡੰਕੀ ਰੂਟ ਨਾਲ ਜੁੜੇ ਇਸ ਨੈਟਵਰਕ ਵਿੱਚ ਦਲਾਲ, ਟ੍ਰੈਵਲ ਏਜੰਟ, ਭਾਰਤੀ ਅਤੇ ਵਿਦੇਸ਼ੀ ਨਾਗਰਿਕ ਸ਼ਾਮਲ ਸਨ। ਕਈ ਏਜੰਟਾਂ ਨੇ ਕਾਨੂੰਨੀ ਯਾਤਰਾ ਦਾ ਝਾਂਸਾ ਦੇ ਕੇ ਲੋਕਾਂ ਤੋਂ ਵਿਦੇਸ਼ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਵਸੂਲੇ। ਉਹ ਗੁਪਤ ਵਾਟਸਐਪ ਚੈਟਾਂ ਅਤੇ ਇਨਕ੍ਰਿਪਟ ਕੀਤੇ ਪਲੇਟਫਾਰਮਾਂ ਰਾਹੀਂ ਆਪਣੇ ਗਾਹਕਾਂ ਨਾਲ ਸੰਪਰਕ ਕਰਦੇ ਸਨ।
ED ਨੇ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਏਜੰਟਾਂ ਨੇ ਵਿਦੇਸ਼ੀ ਸਾਥੀਆਂ ਨਾਲ ਮਿਲ ਕੇ ਹਵਾਲਾ ਰਾਹੀਂ ਭੁਗਤਾਨ ਮੰਗਵਾਏ। ਗੈਰਕਾਨੂੰਨੀ ਬੋਰਡਿੰਗ ਪਾਸ ਅਤੇ ਨਕਲੀ ਦਸਤਾਵੇਜ਼ ਤਿਆਰ ਕੀਤੇ ਜਾਂਦੇ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਡੰਕੀ ਰੂਟ ਲਈ ਵਰਤਿਆ ਜਾਂਦਾ ਸੀ।
ED ਨੇ ਕਿਹਾ ਕਿ ਇਸ ਪੂਰੇ ਨੈਟਵਰਕ ਨੂੰ ਬੇਨਕਾਬ ਕਰਨ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਜਾਂਚ ਤੇਜ਼ੀ ਨਾਲ ਜਾਰੀ ਹੈ। ਹੁਣ ਤੱਕ ਕਈ ਅਹਿਮ ਸੁਰਾਗ ਹੱਥ ਲੱਗੇ ਹਨ ਅਤੇ ਜਲਦੀ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।