ਅਮਰੀਕਾ ਦੇ ਲਾਸ ਏਂਜਲਸ ਵਿੱਚ ਬੀਤੇ ਸਮੇਂ ਇੱਕ ਪੰਜਾਬੀ ਨੌਜਵਾਨ ਵੱਲੋਂ ਸੜਕ ਦੇ ਵਿਚਾਲੇ ਤਲਵਾਰ ਨਾਲ ਗਤਕ ਕਰਦੇ ਨੂੰ ਪੁਲਿਸ ਨੇ ਗੋਲੀ ਮਾਰਕੇ ਕਤਲ ਕਰ ਦਿੱਤਾ ਹੈ। ਜਿਸ ਤੋਂ ਬਾਅਦ ਅਮਰੀਕਾ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਨੇ ਦਾਅਵਾ ਕੀਤਾ ਹੈ ਕਿ ਨੌਜਵਾਨ ਕੋਈ ਓਪਰਾਧ ਨਹੀਂ ਕਰ ਰਿਹਾ ਸੀ,ਉਹ ਸਿਰਫ ਸੜਕ ਵਿਚਕਾਰ ਗਤਕਾ ਕਰ ਰਿਹਾ ਸੀ।
ਪਰ, ਪੁਲਿਸ ਨੇ ਕਿਹਾ ਕਿ ਉਹ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਕਰਕੇ ਉਸਨੂੰ ਗੋਲੀ ਮਾਰ ਦਿੱਤੀ ਗਈ। ਨੌਜਵਾਨ ਗੁਰਪ੍ਰੀਤ ਸਿੰਘ (35) ਦੀ ਇਲਾਜ ਦੌਰਾਨ ਮੌਤ ਹੋ ਗਈ। ਇਹ ਘਟਨਾ 13 ਜੁਲਾਈ ਦੀ ਸਵੇਰ ਨੂੰ ਵਾਪਰੀ ਸੀ, ਪਰ ਹਾਲ ਹੀ ਵਿੱਚ ਪੁਲਿਸ ਨੇ ਇਸਦਾ ਬਾਡੀਕੈਮ ਵੀਡੀਓ ਜਾਰੀ ਕੀਤਾ, ਜਿਸ ਤੋਂ ਬਾਅਦ ਇਹ ਮਾਮਲਾ ਚਰਚਾ ਵਿੱਚ ਆਇਆ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਨੌਜਵਾਨ ਨੂੰ ਕਈ ਵਾਰ ਹਥਿਆਰ ਸੁੱਟਣ ਲਈ ਕਿਹਾ ਗਿਆ, ਪਰ ਉਸਨੇ ਹੁਕਮ ਨਹੀਂ ਮੰਨਿਆ। ਜਦੋਂ ਉਸਨੇ ਪੁਲਿਸ ‘ਤੇ ਹਮਲਾ ਕਰਨਾ ਸ਼ੁਰੂ ਕੀਤਾ ਤਾਂ ਉਸਨੂੰ ਗੋਲੀ ਮਾਰ ਦਿੱਤੀ ਗਈ।
ਜਾਣੋ ਪੂਰਾ ਮਾਮਲਾ
ਪੁਲਿਸ ਨੂੰ ਮਿਲੀ ਜਾਣਕਾਰੀ: 13 ਜੁਲਾਈ ਦੀ ਸਵੇਰ ਨੂੰ, ਪੁਲਿਸ ਨੂੰ ਫੋਨ ‘ਤੇ ਜਾਣਕਾਰੀ ਮਿਲੀ ਕਿ ਇੱਕ ਵਿਅਕਤੀ ਓਲੰਪਿਕ ਬੁਲੇਵਾਰਡ ਨੇੜੇ ਤਲਵਾਰ ਵਰਗੀ ਚੀਜ਼ ਲਹਿਰਾ ਕੇ ਲੋਕਾਂ ਨੂੰ ਡਰਾ ਰਿਹਾ ਹੈ। ਜਦੋਂ ਪੁਲਿਸ ਪਹੁੰਚੀ, ਤਾਂ ਬਾਡੀਕੈਮ ਵੀਡੀਓ ਵਿੱਚ ਦਿਖਾਇਆ ਗਿਆ ਕਿ ਗੁਰਪ੍ਰੀਤ ਸਿੰਘ ਨੀਲੀ ਪੱਗ, ਵੈਸਟ ਅਤੇ ਸ਼ਾਰਟਸ ਪਹਿਨ ਕੇ ਸੜਕ ‘ਤੇ ਤਲਵਾਰ ਲਹਿਰਾ ਰਿਹਾ ਸੀ।
ਤਲਵਾਰ ਨਾਲ ਆਪਣੀ ਜੀਭ ਨੂੰ ਜ਼ਖਮੀ ਕੀਤਾ: ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨੌਜਵਾਨ ਨੂੰ ਕਈ ਵਾਰ ਹਥਿਆਰ ਸੁੱਟਣ ਲਈ ਕਿਹਾ, ਪਰ ਉਸਨੇ ਨਹੀਂ ਸੁਣੀ। ਇਸ ਦੌਰਾਨ ਉਸਨੇ ਆਪਣੀ ਜੀਭ ਨੂੰ ਵੀ ਤਲਵਾਰ ਨਾਲ ਜ਼ਖਮੀ ਕਰ ਦਿੱਤਾ। ਬਾਅਦ ਵਿੱਚ, ਭੱਜਣ ਦੀ ਕੋਸ਼ਿਸ਼ ਕਰਦੇ ਹੋਏ, ਨੌਜਵਾਨ ਨੇ ਪਹਿਲਾਂ ਇੱਕ ਬੋਤਲ ਸੁੱਟੀ ਅਤੇ ਫਿਰ ਆਪਣੀ ਕਾਰ ਵਿੱਚ ਬੈਠ ਗਿਆ।
ਤੇਜ਼ ਰਫ਼ਤਾਰ ਨਾਲ ਕਾਰ ਚਲਾਈ, ਵਾਹਨਾਂ ਨੂੰ ਟੱਕਰ ਮਾਰੀ: ਪੁਲਿਸ ਦੇ ਅਨੁਸਾਰ, ਗੁਰਪ੍ਰੀਤ ਨੇ ਤੇਜ਼ ਰਫ਼ਤਾਰ ਨਾਲ ਕਾਰ ਚਲਾਈ ਅਤੇ ਕਈ ਵਾਹਨਾਂ ਨੂੰ ਟੱਕਰ ਮਾਰੀ। ਇਸ ਤੋਂ ਬਾਅਦ ਵੀ, ਉਹ ਕਾਰ ਦੀ ਖਿੜਕੀ ਤੋਂ ਤਲਵਾਰ ਘੁੰਮਾਉਂਦਾ ਰਿਹਾ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਉਸਨੇ ਉਨ੍ਹਾਂ ‘ਤੇ ਤਲਵਾਰ ਨਾਲ ਹਮਲਾ ਕੀਤਾ, ਤਾਂ ਉਨ੍ਹਾਂ ਨੂੰ ਗੋਲੀ ਚਲਾਉਣੀ ਪਈ।
ਸਵਾਲ ਉੱਠਣ ‘ਤੇ ਵੀਡੀਓ ਜਾਰੀ ਕੀਤਾ: ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਗੋਲੀ ਲੱਗਣ ਤੋਂ ਬਾਅਦ ਜ਼ਖਮੀ ਹੋ ਗਿਆ ਸੀ। ਉਸਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਜਦੋਂ ਸਵਾਲ ਉੱਠੇ, ਤਾਂ ਪੁਲਿਸ ਨੂੰ ਬਾਡੀਕੈਮ ਵੀਡੀਓ ਜਾਰੀ ਕਰਨਾ ਪਿਆ।
ਸਿੱਖ ਭਾਈਚਾਰੇ ਨੇ ਪੁਲਿਸ ਕਾਰਵਾਈ ‘ਤੇ ਜਤਾਇਆ ਰੋਸ
ਸਿੱਖ ਭਾਈਚਾਰੇ ਦਾ ਮੰਨਣਾ ਹੈ ਕਿ ਇਹ ਅਸਲ ਵਿੱਚ ਖੰਡਾ (ਦੋਧਾਰੀ ਸਿੱਧੀ ਤਲਵਾਰ) ਸੀ। ਖੰਡਾ ਗੱਤਕਾ ਕਲਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਗੱਤਕਾ ਪੰਜਾਬ ਦੀ ਰਵਾਇਤੀ ਮਾਰਸ਼ਲ ਆਰਟ ਹੈ, ਜਿਸ ਵਿੱਚ ਤਲਵਾਰਾਂ, ਬਰਛੇ, ਢਾਲ ਅਤੇ ਸੋਟੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਖੰਡਾ ਵੀ ਇਸਦਾ ਇੱਕ ਹਿੱਸਾ ਹੈ। ਇਹ ਆਮ ਤੌਰ ‘ਤੇ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਪੇਸ਼ ਕੀਤਾ ਜਾਂਦਾ ਹੈ।
ਸਿੱਖ ਭਾਈਚਾਰੇ ਨੇ ਕਿਹਾ ਕਿ ਇਸ ਘਟਨਾ ਨੇ ਅਮਰੀਕਾ ਵਿੱਚ ਪੁਲਿਸ ਦੀ ਕਾਰਵਾਈ ‘ਤੇ ਸਵਾਲ ਖੜ੍ਹੇ ਕੀਤੇ ਹਨ। ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਪੁਲਿਸ ਨੇ ਗੁਰਪ੍ਰੀਤ ਸਿੰਘ ਦੀ ਸੱਭਿਆਚਾਰਕ ਪਰੰਪਰਾ ਅਤੇ ਗੱਤਕੇ ਦੀ ਸਹੀ ਸਮਝ ਨਹੀਂ ਦਿਖਾਈ। ਹਾਲਾਂਕਿ, ਪੁਲਿਸ ਦਾ ਤਰਕ ਹੈ ਕਿ ਹਥਿਆਰ ਲੈ ਕੇ ਉਹ ਆਮ ਲੋਕਾਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਲਈ ਖ਼ਤਰਾ ਬਣ ਗਿਆ ਸੀ।