ਮੋਗਾ :- ਪੰਜਾਬ ਸਰਕਾਰ ਦੇ ਨਿਰਦੇਸ਼ਾਂ ਉੱਤੇ ਜ਼ਿਲ੍ਹਾ ਮੋਗਾ ਵਿੱਚ ਨਸ਼ਾ ਤਸਕਰਾਂ ਅਤੇ ਭਗੌੜਿਆਂ ਦਾ ਲੱਕ ਤੋੜਨ ਲਈ ਮੋਗਾ ਪੁਲਿਸ ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ। ਅਜਿਹੇ ਵੱਖ ਵੱਖ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਨੂੰਨੀ ਸਜ਼ਾ ਦਿਵਾਉਣ ਲਈ 32 ਕਰੋੜ, 27 ਲੱਖ, 95 ਹਜ਼ਾਰ 315 ਰੁਪਏ ਦੀ ਜਾਇਦਾਦ ਨੂੰ ਫ੍ਰੀਜ਼ ਜਾਂ ਅਟੈਚ ਕੀਤਾ ਜਾ ਚੁੱਕਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਮੋਗਾ ਵਿੱਚ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਹੁਣ ਤੱਕ ਐਨ ਡੀ ਪੀ ਐੱਸ ਐਕਟ ਦੀ ਧਾਰਾ 68 ਐੱਫ ਅਧੀਨ ਸਮਰੱਥ ਅਥਾਰਟੀ ਰਾਹੀਂ 83 ਨਸ਼ਾ ਤਸਕਰਾਂ ਦੀ 27 ਕਰੋੜ 8 ਲੱਖ 39 ਹਜ਼ਾਰ 554 ਰੁਪਏ ਦੀ ਜਾਇਦਾਦ ਫਰੀਜ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਪਿੰਡ ਡਾਲਾ ਦੇ ਇੰਦਰਜੀਤ ਸਿੰਘ ਪੁੱਤਰ ਜ਼ੋਰਾ ਸਿੰਘ ਖਿਲਾਫ ਥਾਣਾ ਅਜੀਤਵਾਲ ਵਿਖੇ 2017 ਵਿੱਚ ਐਨ ਡੀ ਪੀ ਐੱਸ ਐਕਟ ਦੀ ਧਾਰਾ 15 ਅਧੀਨ ਦਰਜ ਹੋਏ ਮਾਮਲੇ ਵਿਚ ਵੀ 23 ਲੱਖ 32 ਹਜ਼ਾਰ 976 ਰੁਪਏ ਦੀ ਜਾਇਦਾਦ ਫਰੀਜ਼ ਕੀਤੀ ਗਈ ਹੈ। ਇਸ ਮਾਮਲੇ ਵਿੱਚ ਦੋਸ਼ੀ ਨੂੰ 10 ਸਾਲ ਦੀ ਕਠੋਰ ਸਜ਼ਾ ਅਤੇ 1 ਲੱਖ ਰੁਪਏ ਦੀ ਜੁਰਮਾਨਾ ਰਾਸ਼ੀ ਦੀ ਸਜ਼ਾ ਸੁਣਾਈ ਗਈ ਸੀ। ਗਿੱਲ ਨੇ ਕਿਹਾ ਕਿ ਨਸ਼ਾ ਤਸਕਰਾਂ ਦੀ ਤਰ੍ਹਾਂ ਭਗੌੜਿਆਂ ਖਿਲਾਫ਼ ਵੀ ਮੋਗਾ ਪੁਲਿਸ ਵੱਲੋਂ ਬੇਹੱਦ ਸਖ਼ਤ ਰੁਖ਼ ਅਪਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਤੱਕ ਸਮਰੱਥ ਅਥਾਰਟੀ ਵੱਲੋਂ ਸੀ ਆਰ ਪੀ ਸੀ ਦੀ ਧਾਰਾ 82/83 ਅਧੀਨ ਪੰਜ ਭਗੌੜਿਆਂ ਦੀ 4 ਕਰੋੜ 96 ਲੱਖ 22 ਹਜ਼ਾਰ 785 ਰੁਪਏ ਦੀ ਜਾਇਦਾਦ ਫ਼ਰੀਜ਼ ਕੀਤੀ ਗਈ ਹੈ। ਵਧੇਰੇ ਵੇਰਵਾ ਦਿੰਦਿਆਂ ਉਹਨਾਂ ਦੱਸਿਆ ਕਿ ਵੱਖ ਵੱਖ ਮਾਮਲਿਆਂ ਵਿੱਚ ਭਗੌੜੇ ਚੱਲ ਰਹੇ ਪਿੰਡ ਧੂਰਕੋਟ ਰਣਸੀਂਹ ਵਾਸੀ ਗੁਰਇਕਬਾਲ ਸਿੰਘ ਪੁੱਤਰ ਬਲਕਾਰ ਸਿੰਘ ਦੀ 3 ਕਰੋੜ 70 ਲੱਖ 50 ਹਜ਼ਾਰ ਰੁਪਏ ਦੀ ਜਾਇਦਾਦ ਫ਼ਰੀਜ਼ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਬੁੱਕਣਵਾਲਾ ਦੇ ਜਸਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਦੀ 12 ਲੱਖ 82 ਹਜ਼ਾਰ ਰੁਪਏ ਦੀ ਜਾਇਦਾਦ, ਪਿੰਡ ਦੌਲੇਵਾਲਾ ਦੇ ਪਿੱਪਲ ਸਿੰਘ ਪੁੱਤਰ ਮਲੂਕ ਸਿੰਘ ਦੀ 50 ਲੱਖ 18 ਹਜ਼ਾਰ 785 ਰੁਪਏ ਦੀ ਜਾਇਦਾਦ, ਮੋਗਾ ਦੇ ਸੁਖਮੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਦੀ 18 ਲੱਖ 72 ਹਜ਼ਾਰ ਰੁਪਏ ਦੀ ਜਾਇਦਾਦ ਅਤੇ ਪਿੰਡ ਮਾਣੂਕੇ ਦੇ ਕੈਨੇਡਾ ਵਾਸੀ ਜਸਕਰਨ ਸਿੰਘ ਅਤੇ ਬਲਕਰਨ ਜੀਤ ਸਿੰਘ ਦੋਵੇਂ ਪੁੱਤਰ ਮੁਕੰਦ ਸਿੰਘ ਦੀ 44 ਲੱਖ ਰੁਪਏ ਦੀ ਜਾਇਦਾਦ ਫ਼ਰੀਜ਼ ਕੀਤੀ ਗਈ ਹੈ।
ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਮੁਖੀ ਵੱਲੋਂ ਮਿਲੀਆਂ ਹਦਾਇਤਾਂ ਉੱਤੇ ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਭਗੌੜਿਆਂ ਖਿਲਾਫ਼ ਸਖ਼ਤ ਰੁਖ਼ ਅਪਣਾਇਆ ਹੋਇਆ ਹੈ। ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਜ਼ਿਲ੍ਹਾ ਮੋਗਾ ਵਿੱਚ ਨਸ਼ਾ ਤਸਕਰਾਂ ਅਤੇ ਨਸ਼ੇ ਨਾਲ ਸਬੰਧਤ ਕਿਸੇ ਵੀ ਸਰਗਰਮੀ ਨੂੰ ਹੋਣ ਨਹੀਂ ਦਿੱਤਾ ਜਾਵੇਗਾ। ਇਸ ਸਬੰਧੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਅਤੇ ਭਗੌੜਿਆਂ ਬਾਰੇ ਪੁਲਿਸ ਨੂੰ ਗੁਪਤ ਸੂਚਨਾ ਦੇਣ ਤਾਂ ਜੌ ਜ਼ਿਲ੍ਹਾ ਮੋਗਾ ਵਿੱਚੋਂ ਨਸ਼ੇ ਦੇ ਇਸ ਗੈਰ ਕਾਨੂੰਨੀ ਕਾਰੋਬਾਰ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ।