ਸ਼ਾਮਲੀ- ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਿਚ ਸ਼ੁੱਕਰਵਾਰ ਨੂੰ ਸਿਹਤ ਵਿਭਾਗ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਇਸ ਕੜੀ ਵਿਚ ਤਿੰਨ ਬਜ਼ੁਰਗ ਔਰਤਾਂ ਸ਼ਾਮਲੀ ਵਿਚ ਕੋਰੋਨਾ ਟੀਕਾ ਲਗਵਾਉਣ ਲਈ ਗਈਆਂ ਸਨ, ਪਰ ਸਿਹਤ ਕਰਮਚਾਰੀਆਂ ਨੇ ਬਿਨਾਂ ਡਾਕਟਰ ਨੂੰ ਪੁੱਛੇ ਬਜ਼ੁਰਗ ਔਰਤਾਂ ‘ਤੇ ਐਂਟੀ-ਰੈਬੀਜ਼ (ਕੁੱਤੇ ਦਾ ਟੀਕਾ) ਲਗਾ ਦਿੱਤਾ। ਇਨ੍ਹਾਂ ਵਿੱਚੋਂ ਇੱਕ ਔਰਤ ਦੀ ਹਾਲਤ ਵਿਗੜ ਗਈ। ਪੀੜਤਾਂ ਨੇ ਮੈਡੀਕਲ ਸੁਪਰਡੈਂਟ ਨੂੰ ਸ਼ਿਕਾਇਤ ਕੀਤੀ ਹੈ ਅਤੇ ਉਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਜਿਨ੍ਹਾਂ ਨੇ ਗਲਤ ਟੀਕਾ ਲਗਾਇਆ ਸੀ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵਿੱਚ ਹਲਚਲ ਮਚ ਗਈ।
ਜਾਣਕਾਰੀ ਅਨੁਸਾਰ ਵੀਰਵਾਰ ਨੂੰ ਮੁਹੱਲਾ ਸਰਾਵਗਿਆਨ ਨਿਵਾਸੀ ਸਰੋਜ (70), ਰੇਲਵੇ ਮੰਡੀ ਨਿਵਾਸੀ ਅਨਾਰਕਲੀ (72) ਅਤੇ ਸਤਿਆਵਤੀ (60) ਕੋਰੋਨਾ ਟੀਕਾ ਲਗਵਾਉਣ ਲਈ ਆਈ ਸੀ। ਸਿਹਤ ਕਰਮਚਾਰੀਆਂ ਨੇ ਬਾਹਰ ਸਥਿਤ ਮੈਡੀਕਲ ਸਟੋਰ ਤੋਂ 10-10 ਰੁਪਏ ਦੀ ਸਰਿੰਜਾਂ ਮੰਗਵਾਈਆਂ। ਤਿੰਨਾਂ ਨੂੰ ਟੀਕਾ ਲਗਾਇਆ ਅਤੇ ਘਰ ਜਾਣ ਲਈ ਕਿਹਾ । ਕੁਝ ਸਮੇਂ ਬਾਅਦ ਸਰੋਜ ਨੂੰ ਚੱਕਰ ਆਉਣ ਦੇ ਨਾਲ ਘਬਰਾਹਟ ਹੋਣ ਲੱਗੀ। ਪਰਿਵਾਰਕ ਮੈਂਬਰ ਉਸਨੂੰ ਇੱਕ ਨਿੱਜੀ ਡਾਕਟਰ ਕੋਲ ਲੈ ਗਏ। ਡਾਕਟਰ ਨੇ ਓਪੀਡੀ ਦੀ ਸਲਿੱਪ ਵੇਖੀ, ਜਿਸ ਨੂੰ ਵੇਖ ਕੇ ਡਾਕਟਰ ਵੀ ਹੈਰਾਨ ਹੋ ਗਏ ਅਤੇ ਦੱਸਿਆ ਕਿ ਐਂਟੀ ਰੈਬੀਜ਼ ਟੀਕਾ ਲਗਾਈ ਗਈ ਹੈ। ਬਾਅਦ ਵਿਚ ਜਦੋਂ ਦੋਵੇਂ ਬਜ਼ੁਰਗਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਵੀ ਆਪਣੀ ਪਰਚੀ ਵੀ ਦਿਖਾਈ। ਉਨ੍ਹਾਂ ਨੂੰ ਵੀ ਐਂਟੀ ਰੈਬੀਜ਼ ਟੀਕਾ ਲਗਾਇਆ ਗਿਆ ਸੀ।
ਫਿਲਹਾਲ, ਡੀਐਮ ਸ਼ਾਮਲੀ ਜਸਜੀਤ ਕੌਰ ਨੇ ਪੂਰੇ ਘਟਨਾਕ੍ਰਮ ਦੀ ਜਾਂਚ ਦੇ ਹੁਕਮ ਦਿੰਦਿਆ ਪੀੜਤ ਔਰਤਾਂ ਦੇ ਬਿਆਨ ਦਰਜ ਕਰਨ ਦੇ ਆਦੇਸ਼ ਵੀ ਦਿੱਤੇ ਹਨ। ਡੀਐਮ ਦੇ ਅਨੁਸਾਰ ਜਾਂਚ ਤੋਂ ਬਾਅਦ ਦੋਸ਼ੀਆਂ ਦੇ ਸਿਹਤ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।