ਚੰਡੀਗੜ੍ਹ 9 ਅਪ੍ਰੈਲ (ਪ.ਪ.) : ਅੱਜ ਪੰਜਾਬ ਸਰਕਾਰ ਨੂੰ ਹਾਈਕੋਰਟ ਦੁਆਰਾ ਵੱਡਾ ਝਟਕਾ ਦਿੱਤਾ ਗਿਆ ਹੈ, ਇਹ ਝਟਕਾ ਕੋਟਕਪੂਰਾ ਗੋਲੀ ਕਾਂਡ ਵਿਚ ਜਾਂਚ ਕਰ ਰਹੀ ਐਸ.ਆਈ.ਟੀ. ਦੀ ਰਿਪੋਰਟ ਨੂੰ ਖਾਰਜ ਕਰਕੇ ਦਿੱਤਾ ਹੈ। ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਕੁੱਝ ਹੀ ਦਿਨ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਨੇ ਜਾਂਚ ਪੂਰੀ ਕਰਨ ਬਾਰੇ ਖ਼ੁਲਾਸਾ ਕੀਤਾ ਸੀ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਵੀ ਕਿਹਾ ਸੀ ਕਿ ਜਾਂਚ ਨਿਰਵਿਘਨ ਚੱਲ ਰਹੀ ਹੈ ਪਰ ਹਾਈਕੋਰਟ ਵਲੋਂ ਪੁਲਿਸ ਮੁਲਾਜ਼ਮ ਗੁਰਦੀਪ ਪੰਧੇਰ ਦੁਆਰਾ ਪਾਈ ਗਈ ਪਟੀਸ਼ਨ ਦਾ ਫੈਸਲਾ ਸੁਣਾਉਂਦੇ ਹੋਏ ਪਹਿਲਾ ਹੋਈ ਜਾਂਚ ਨੂੰ ਬੰਦ ਕਰਨ ਅਤੇ ਕੰਵਰ ਵਿਜੇ ਪ੍ਰਤਾਪ ਨੂੰ ਐਸ.ਆਈ.ਟੀ. ਤੋਂ ਦੂਰ ਰੱਖਕੇ ਨਵੀ ਜਾਂਚ ਸਿਟ ਸਥਾਪਿਤ ਕਰਨ ਦਾ ਫੈਸਲਾ ਲਿਆ। ਜਿਥੇ ਇਸ ਫੈਸਲੇ ਨੇ ਗੋਲੀਕਾਂਡ ਮਾਮਲੇ ਵਿਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਉਥੇ ਹੀ ਪੰਜਾਬ ਸਰਕਾਰ ਨੂੰ ਵੀ ਨਮੋਸ਼ੀ ਦੇ ਆਲਮ ਵੱਲ ਧੱਕ ਦਿੱਤਾ ਹੈ। ਪਿਛਲੇ ਮਹੀਨੇ ਹੀ ਪੰਜਾਬ ਸਰਕਾਰ ਨੇ CBI ਤੋਂ ਬੇਅਦਬੀ ਮਾਮਲੇ ਦਾ ਕੇਸ ਵਾਪਸ ਲਿਆ ਸੀ ਪਰ ਹੁਣ 3 ਸਾਲ ਦੀ ਜਾਂਚ ਤੋਂ ਬਾਅਦ ਜਦੋਂ SIT ਨੇ ਆਪਣੀ ਫਾਈਨਲ ਰਿਪੋਰਟ ਬਣਾ ਲਈ ਸੀ ਤਾਂ ਇਸ ਨੂੰ ਖ਼ਾਰਜ ਕਰਨਾ ਪੰਜਾਬ ਸਰਕਾਰ ਲਈ ਵੱਡੀ ਨਾਮੋਸ਼ੀ ਹੈ।