ਚੰਡੀਗੜ੍ਹ: ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਪੂਰੀ ਤਰਾਂ ਨਾਲ ਅਟੈਕਿੰਗ ਰੂਪ ਵਿਚ ਨਜ਼ਰ ਆ ਰਹੇ ਨੇ, ਸੁਪਰੀਮ ਕੋਰਟ ਵਿਚ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਕੀਤਾ ਗਿਆ ਹੈ.
ਕੈਪਟਨ ਅਮਰਿੰਦਰ ਸਿੰਘ ਵੱਲੋਂ 2 ਨੰਬਰ ਜਾਰੀ
ਐਸ.ਆਈ.ਟੀ. ਨੇ ਹੁਣ ਤੱਕ ਕੋਟਕਪੂਰਾ ਮਾਮਲੇ ਵਿਚ ਕੋਟਕਪੂਰਾ ਦੇ ਤਤਕਾਲੀ ਅਕਾਲੀ ਵਿਧਾਇਕ ਅਤੇ ਹਲਕਾ ਇੰਚਾਰਜ ਮਨਤਾਰ ਸਿੰਘ ਬਰਾੜ ਸਮੇਤ ਛੇ ਵਿਅਕਤੀਆਂ ਖਿਲਾਫ਼ ਦੋਸ਼ ਪੱਤਰ ਆਇਦ ਕਰ ਦਿੱਤੇ ਹਨ। ਮਨਤਾਰ ਬਰਾੜ ਖਿਲਾਫ ਦਾਇਰ ਚਾਰਜਸ਼ੀਟ ਵਿਚ ਸਾਫ ਲਿਖਿਆ ਹੈ ਕਿ,”ਕਾਲ ਡਿਟੇਲ ਨੂੰ ਘੋਖਣ ਉਤੇ ਇਹ ਸਾਫ਼ ਜਾਹਰ ਹੋ ਜਾਂਦਾ ਹੈ ਕਿ ਉਸ ਵੱਲੋਂ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੂੰ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ (ਗਗਨਦੀਪ ਸਿੰਘ ਬਰਾੜ, ਫੋਨ 9815800000) ਅਤੇ ਮੁੱਖ ਮੰਤਰੀ ਦੇ ਓ.ਐਸ.ਡੀ. ਗੁਰਚਰਨ ਸਿੰਘ (9915584693) ਰਾਹੀਂ ਫੋਨ ਕਾਲਾਂ ਕੀਤੀਆਂ ਗਈਆਂ ਸਨ।“
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਟਕਪੂਰਾ ਗੋਲੀ ਕਾਂਡ ਕੇਸ ਵਿਚ ਹਾਈ ਕੋਰਟ ਦੇ ਹੁਕਮਾਂ ਉਤੇ ਖੁਸ਼ੀਆਂ ਮਨਾਉਣ ਲਈ ਸੁਖਬੀਰ ਬਾਦਲ ਦਾ ਮਖੌਲ ਉਡਾਇਆ ਹੈ ਜਦਕਿ ਮਾਣਯੋਗ ਅਦਾਲਤ ਨੇ ਅਜੇ ਹੁਕਮਾਂ ਦੀ ਕਾਪੀ ਵੀ ਜਾਰੀ ਨਹੀਂ ਕੀਤੀ। ਮੁੱਖ ਮੰਤਰੀ ਨੇ ਅਕਾਲੀ ਲੀਡਰ ਨੂੰ ਜਸ਼ਨ ਨਾ ਮਨਾਉਣ ਲਈ ਆਖਿਆ ਕਿਉਂਕਿ ਇਹ ਮਾਮਲਾ ਅਜੇ ਖਤਮ ਨਹੀਂ ਹੋਇਆ।
ਮੁੱਖਮੰਤਰੀ ਨੇ ਸੁਖਬੀਰ ਬਾਦਲ ਨੂੰ ਦਿੱਤੀ ਸਲਾਹ :
ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਸਲਾਹ ਦਿੱਤੀ,”ਜਿੱਤ ਦੇ ਦਾਅਵੇ ਕਰਨ ਤੋਂ ਪਹਿਲਾਂ ਘੱਟੋ-ਘੱਟ ਹੁਕਮਾਂ ਦੀ ਕਾਪੀ ਤਾਂ ਉਡੀਕ ਲਓ।“ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਵੱਲੋਂ ਸਾਲ 2015 ਦੀ ਘਟਨਾ ਦੀ ਜਾਂਚ ਬਾਰੇ ਹਾਈ ਕੋਰਟ ਦੇ ਫੈਸਲੇ ਸਬੰਧੀ ਮੀਡੀਆ ਰਿਪੋਰਟਾਂ ਉਤੇ ਸੁਖਬੀਰ ਬਾਦਲ ਦੇ ਪ੍ਰਤੀਕਰਮ ਦਾ ਮਖੌਲ ਉਡਾਇਆ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਅਜੇ ਤੱਕ ਅਦਾਲਤ ਦੇ ਫੈਸਲੇ ਦਾ ਅਧਿਕਾਰਤ ਤੌਰ ਉਤੇ ਕੋਈ ਐਲਾਨ ਨਹੀਂ ਹੋਇਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਇਸ ਮਾਮਲੇ ਵਿਚ ਫੈਸਲਾ ਜੋ ਵੀ ਹੋਵੇ, ਮੈਂ ਐਸ.ਆਈ.ਟੀ. ਦੀ ਜਾਂਚ ਦੇ ਨਾਲ ਖੜ੍ਹਾ ਹਾਂ ਜਿਸ ਵਿਚ ਕਿਸੇ ਵੀ ਪੱਖ ਤੋਂ ਬਾਦਲ ਪਰਿਵਾਰ ਨੂੰ ਇਸ ਘਿਨਾਉਣੀ ਘਟਨਾ, ਜਿਸ ਵਿਚ ਬੇਦੋਸ਼ ਲੋਕਾਂ ਦੀ ਜਾਨ ਚਲੀ ਗਈ ਸੀ, ਵਿਚ ਸ਼ਮੂਲੀਅਤ ਤੋਂ ਮੁਕਤ ਨਹੀਂ ਕੀਤਾ ਗਿਆ।“ ਉਨ੍ਹਾਂ ਨੇ ਇਸ ਘਿਨਾਉਣੇ ਕਾਰੇ ਲਈ ਦੋਸ਼ੀਆਂ, ਭਾਵੇਂ ਉਹ ਕੋਈ ਵੀ ਹੋਣ, ਨੂੰ ਸਜਾ ਦਿਵਾਉਣ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦਾ ਅਹਿਦ ਵੀ ਲਿਆ।
ਇਹ ਦੁਹਰਾਉਂਦੇ ਹੋਏ ਕਿ ਉਨ੍ਹਾਂ ਦੀ ਸਰਕਾਰ ਐਸ.ਆਈ.ਟੀ. ਦੀ ਜਾਂਚ ਨੂੰ ਰੱਦ ਕਰਨ ਜਾਂ ਇਸ ਟੀਮ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਨੂੰ ਹਟਾਉਣ ਵਾਲੇ ਕਿਸੇ ਵੀ ਅਦਾਲਤੀ ਹੁਕਮ ਨੂੰ ਚੁਣੌਤੀ ਦੇਵੇਗੀ, ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਆਪਣੀ ਗੈਰ-ਜਿੱਤ ਨੂੰ ਮਨਾਉਣ ਦੀ ਕਾਹਲੀ ਤੋਂ ਉਸ ਦੀ ਬੁਖਲਾਹਟ ਜਾਹਰ ਹੁੰਦੀ ਹੈ ਕਿਉਂ ਜੋ ਉਸ ਨੂੰ ਐਸ.ਆਈ.ਟੀ. ਦੀ ਜਾਂਚ ਦੀ ਦਿਸ਼ਾ ਨੂੰ ਵੇਖਦੇ ਹੋਏ ਕੰਧ ਉਤੇ ਲਿਖਿਆ ਸਾਫ਼ ਨਜ਼ਰ ਆ ਰਿਹਾ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਵੱਲੋਂ ਬਦਲਾਖੋਰੀ ਦਾ ਰੌਲਾ ਪਾ ਕੇ ਉਸ ਸਿਕੰਜੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਵਿਚ ਉਹ ਬਰਾੜ ਖਿਲਾਫ਼ ਦਾਇਰ ਚਾਰਜਸ਼ੀਟ ਵਿਚ ਖੁਦ ਨੂੰ ਫਸਿਆ ਪਾ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਵੱਲੋਂ ਹਾਈ ਕੋਰਟ ਦੇ ਹੁਕਮ ਜੋ ਅਜੇ ਆਉਣੇ ਹਨ, ਵਿੱਚ ਆਪਣੀ ਬੇਗੁਨਾਹੀ ਸਬੰਧੀ ਪੁਸ਼ਟੀ ਦੀ ਮੰਗ ਕਰਨ ਲਈ ਵਿਖਾਈ ਜਾ ਰਹੀ ਕਾਹਲ ਬਾਰੇ ਕੋਈ ਗੱਲ ਨਹੀਂ ਕੀਤੀ।