ਨਵੀਂ ਦਿੱਲੀ :- ਦੇਸ਼ ਇਸ ਮੌਕੇ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ , ਜਿਸ ਦੇ ਲਈ ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਅਤੇ ਸਿਹਤ ਵਿਭਾਗ ਵੱਲੋਂ ਪ੍ਰਧਾਨਮੰਤਰੀ ਮੋਦੀ ਨੂੰ ਅਪੀਲ ਕੀਤੀ ਜਾ ਰਹੀ ਤਾਂ ਜੋ ਕੋਰੋਨਾ ਦਾ ਹਾਲ ਕੀਤਾ ਜਾ ਸਕੇ। ਪਰ ਉਥੇ ਹੀ ਇਸ ਵਿਚਾਲੇ ਪ੍ਰਧਾਨ ਮੰਤਰੀ ਦੇ ਆਪਣੇ ਹੀ ਗੜ੍ਹ ਗੁਜਰਾਤ ‘ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ।
ਹਾਲਾਤ ਇਹ ਹਨ ਕਿ ਸ਼ਮਸ਼ਾਨਘਾਟਾਂ ‘ਚ ਸਸਕਾਰ ਲਈ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ। ਇੱਥੇ ਪਿਛਲੇ ਇੱਕ ਹਫਤੇ ਦੌਰਾਨ ਕੋਰੋਨਾਵਾਇਰਸ ਕਰਕੇ ਹੋਈਆਂ ਮੌਤਾਂ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦਰਮਿਆਨ ਗੁਜਰਾਤ ਦੇ ਕਈ ਸ਼ਮਸ਼ਾਨਘਾਟਾਂ ਵਿੱਚ ਲੋਕਾਂ ਨੂੰ ਆਪਣੇ ਸਕੇ ਸਬੰਧੀਆਂ ਦੀਆਂ ਅੰਤਿਮ ਰਸਮਾਂ ਲਈ ਘੰਟਿਆਂਬੱਧੀ ਕਤਾਰਾਂ ਵਿੱਚ ਖੜ੍ਹ ਕੇ ਉਡੀਕ ਕਰਨੀ ਪੈ ਰਹੀ ਹੈ।
ਦਰਅਸਲ ਹਿੰਦੂ ਆਮ ਕਰਕੇ ਸੂਰਜ ਛਿਪਣ ਮਗਰੋਂ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕਰਦੇ, ਲਿਹਾਜ਼ਾ ਬਹੁਤਿਆਂ ਕੋਲ ਕੋਈ ਬਦਲ ਨਾ ਹੋਣ ਕਰਕੇ ਉਹ ਰਾਤ ਨੂੰ ਅੰਤਿਮ ਰਸਮਾਂ ਪੂਰੀਆਂ ਕਰਨ ਲਈ ਮਜਬੂਰ ਹਨ। ਦੋ ਦਿਨ ਪਹਿਲਾਂ ਸੂਰਤ ਸ਼ਹਿਰ ਦੇ ਉਮਰਾ ਖੇਤਰ ਵਿਚਲੇ ਸ਼ਮਸ਼ਾਨਘਾਟ ਵਿੱਚ ਰਾਤ ਨੂੰ ਇਕ ਵੇਲੇ 25 ਦੇ ਕਰੀਬ ਮ੍ਰਿਤਕ ਦੇਹਾਂ ਦਾ ਸਸਕਾਰ ਕੀਤਾ ਗਿਆ। ਸੂਰਤ ਵਿੱਚੋਂ ਹੀ ਖਬਰਾਂ ਆਈਆਂ ਹਨ ਕਿ ਲਗਾਤਾਰ ਸਸਕਾਰ ਕਰਨ ਕਰਕੇ ਭੱਠੀਆਂ ਤੱਕ ਪਿੱਘਲ ਗਈਆਂ।
ਵਡੋਦਰਾ ਨਗਰ ਨਿਗਮ ਦੀ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਹਿਤੇਂਦਰ ਪਟੇਲ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਕੁਝ ਸ਼ਮਸ਼ਾਨਘਾਟਾਂ ਵਿੱਚ ਸਸਕਾਰ ਲਈ ਪਈ ਭੀੜ ਕਰਕੇ ਲੋਕਾਂ ਨੂੰ ਰਾਤ ਸਮੇਂ ਦਾਹ ਸਸਕਾਰ ਲਈ ਮਜਬੂਰ ਹੋਣਾ ਪੈ ਰਿਹਾ ਹੈ।