ਪਾਨੀਪਤ: ਇਸ ਵਕਤ ਕੋਰੋਨਾ ਕਹਿਰ ਵਿਚਾਲੇ ਆਕਸੀਜਨ ਦੀ ਕਮੀ ਵੱਡੀ ਸਮੱਸਿਆ ਬਣੀ ਹੋਈ ਹੈ। ਸਰਕਾਰਾਂ ਭਾਵੇਂ ਫੋਕੇ ਦਾਅਵਾ ਕਰ ਰਹੀਆਂ ਹਨ ਕਿ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸਭ ਕੁਝ ਠੀਕ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਪਾਨੀਪਤ ਦੇ ਮਤਲੌਡਾ ਸਥਿਤ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਤੋਂ 10 ਮੀਟ੍ਰਿਕ ਟਨ ਆਕਸੀਜਨ ਲੈ ਕੇ ਨਿਕਲਿਆ ਟੈਂਕਰ ਚੋਰੀ ਹੋ ਗਿਆ ਹੈ। ਇਸ ਤੋਂ ਪਹਿਲਾਂ ਹਰਿਆਣਾ ਵਿੱਚ ਹੀ ਕੋਰੋਨਾ ਵੈਕਸੀਨ ਚੋਰੀ ਹੋ ਗਈ ਸੀ।
ਪਾਨੀਪਤ ਡਰੱਗ ਕੰਟਰੋਲਰ ਨੇ ਬੁੱਧਵਾਰ ਨੂੰ ਇਸ ਟੈਂਕਰ ਨੂੰ ਸਿਰਸਾ ਲਈ ਭੇਜਿਆ ਸੀ ਪਰ ਇਹ ਟੈਂਕਰ ਵੀਰਵਾਰ ਸ਼ਾਮ ਤੱਕ ਵੀ ਸਿਰਸਾ ਨਹੀਂ ਪਹੁੰਚਿਆ। ਡਰੱਗ ਕੰਟਰੋਲਰ ਨੇ ਟੈਂਕਰ ਚੋਰੀ ਦੀ ਸ਼ਿਕਾਇਤ ਮਤਲੌਡਾ ਥਾਣੇ ਦੀ ਬਿਹੌਲੀ ਪੁਲਿਸ ਚੌਕੀ ਵਿੱਚ ਕਰਵਾ ਦਿੱਤੀ ਹੈ।
ਇਸ ਦੌਰਾਨ ਡਰੱਗ ਇੰਸਪੈਕਟਰ ਵਿਜੇ ਰਾਜਾ ਇਸ ਮਾਮਲੇ ਤੋਂ ਬਚਦੀ ਨਜ਼ਰ ਆਈ। ਪੁਲਿਸ ਫਿਲਹਾਲ ਖਾਲੀ ਹੱਥ ਹੈ ਪਰ ਭਰੋਸਾ ਦਵਾਇਆ ਜਾ ਰਿਹਾ ਹੈ ਇਸ ਮਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਟੈਂਕਰ ਨੂੰ ਲੱਭ ਲਿਆ ਜਾਏਗਾ।ਇਸ ਘਟਨਾ ਮਗਰੋਂ ਪ੍ਰਸ਼ਾਸ਼ਨ ਨੀਂਦ ਤੋਂ ਜਾਗ ਗਿਆ ਹੈ ਤੇ ਹੁਣ ਆਕਸੀਜਨ ਦੇ ਟੈਂਕਰ ਪੁਲਿਸ ਦੀ ਨਿਗਰਾਨੀ ਅਧੀਨ ਇੱਕ ਥਾਂ ਤੋਂ ਦੂਜੀ ਥਾਂ ਜਾਣਗੇ ਪਰ ਇਸ ਆਕਸੀਜਨ ਟੈਂਕਰ ਦੇ ਗਾਇਬ ਹੋਣ ਮਗਰੋਂ ਸਿਵਲ ਪ੍ਰਸ਼ਾਸਨ ਦੀ ਲਾਪ੍ਰਵਾਹੀ ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ।