ਬਠਿੰਡਾ / ਮੋਗਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਲਗਾਈਆਂ ਸਖ਼ਤ ਪਾਬੰਦੀਆਂ ਦੇ ਬਾਵਜੂਦ ਵੀ ਕਾਂਗਰਸੀ ਲੀਡਰ ਕੋਰੋਨਾ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉਡਾ ਰਹੇ ਹਨ। ਬਠਿੰਡਾ ਦੇ ਇਕ ਨਿੱਜੀ ਪੈਲੇਸ ‘ਚ ਬੀਤੀ ਰਾਤ ਕਾਂਗਰਸੀ ਨੇਤਾਵਾਂ ਵੱਲੋਂ ਨਾਈਟ ਪਾਰਟੀ ਕੀਤੀ ਗਈ। ਜਿਸ ‘ਚ 300 ਦੇ ਕਰੀਬ ਨੁਮਾਇੰਦਿਆ ਅਤੇ ਵਰਕਰਾਂ ਦੀ ਭੀੜ ਜਮ੍ਹਾ ਹੋਣ ਦੀ ਗੱਲ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਕਰੀਬ 4 ਘੰਟੇ ਨਾਈਟ ਕਰਫਿਊ ਦੌਰਾਨ ਕਾਂਗਰਸੀ ਨੇਤਾਵਾਂ ਦੀ ਪਾਰਟੀ ਚੋਰੀ ਚੁੱਪੇ ਚੱਲਦੀ ਰਹੀ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਆਮ ਲੋਕ ਜੇਕਰ 20 ਬੰਦਿਆਂ ਦੀ ਭੀੜ ਇਕੱਠੀ ਕਰ ਲੈਣ ਤਾਂ ਉਨ੍ਹਾਂ ਦੇ ਖ਼ਿਲਾਫ਼ ਤੁਰੰਤ ਮਾਮਲਾ ਦਰਜ ਹੋ ਜਾਂਦਾ ਹੈ ਪਰ ਕਾਂਗਰਸੀ ਨੇਤਾਵਾਂ ਦੇ ਖ਼ਿਲਾਫ਼ ਭੀੜ ਇਕੱਠੀ ਕਰਨ ਦੇ ਬਾਅਦ ਵੀ ਮਾਮਲਾ ਦਰਜ ਨਹੀਂ ਹੋ ਰਿਹਾ ਹੈ।
ਓਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਵਾਲ ਚੁੱਕਦੇ ਹੋਏ ਬਠਿੰਡਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਕਾਂਗਰਸੀ ਨੇਤਾ ਉਸ ਪਾਰਟੀ ‘ਚ ਮੌਜੂਦ ਸਨ, ਉਨ੍ਹਾਂ ਦੇ ਖ਼ਿਲਾਫ਼ ਨਾਈਟ ਕਰਫਿਊ ਦੀ ਉਲੰਘਣਾ ਕਰਨ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਹੈ। ਅਕਾਲੀ ਦਲ ਦੇ ਸਾਬਕਾ ਵਿਧਾਇਕਾਂ ਨੇ ਕਿਹਾ ਕਿ ਕੀ ਕਾਂਗਰਸੀ ਨੇਤਾਵਾਂ ਦੇ ਲਈ ਕੋਈ ਕਾਨੂੰਨ ਨਹੀਂ ਬਣੇ ?
ਦੂਜੇ ਪਾਸੇ ਜੇਕਰ ਗਲ ਜਿਲ੍ਹਾ ਮੋਗਾ ਦੀ ਕੀਤੀ ਜਾਵੇ ਤਾਂ ਇੱਥੋਂ ਦੇ ਕਾਂਗਰਸੀ ਵੀ ਬੜੇ ਬੇਖੋਫ਼ ਤਰੀਕੇ ਨਾਲ ਕੋਰੋਨਾ ਹੁਕਮਾਂ ਦੀਆਂ ਧਜੀਆਂ ਉਡਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੋਗਾ ਵਿੱਚ ਵੀ ਇੱਕ ਨਾਮੀ ਵਕੀਲ ਦੇ ਵਿਆਹ ਸਮਾਗਮ ਵਿੱਚ ਵੱਡਾ ਇਕੱਠ ਦੇਖਣ ਨੂ ਮਿਲਿਆ ਦੂਜੇ ਪਾਸੇ ਬਾਘਾਪੁਰਾਣਾ ਵਿਖੇ ਵੀ ਲਗਾਤਾਰ ਮਰਗ ਦੇ ਭੋਗਾਂ ਅਤੇ ਹੋਰਨਾਂ ਸਮਾਗਮਾਂ ਦੋਰਾਨ ਵੱਡੇ ਇਕੱਠ ਹੁੰਦੇ ਦਿਖਾਈ ਦੇ ਰਹੇ ਹਨ।