ਚੰਡੀਗੜ੍ਹ :- ਆਪਣੀ ਹੀ ਸਰਕਾਰ ‘ਤੇ ਲਗਾਤਾਰ ਸਵਾਲ ਚੁੱਕਦੇ ਆ ਰਹੇ ਨਵਜੋਤ ਸਿੱਧੂ ਦੇ ਨਿੱਤ ਨਵੇਂ ਬਿਆਨਾਂ ਤੋਂ ਬਾਅਦ ਹੁਣ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਸਿੱਧੂ ‘ਤੇ ਵੱਡੇ ਸਵਾਲ ਖੜ੍ਹੇ ਕਰਦਿਆਂ ਪਲਟਵਾਰ ਕੀਤਾ ਹੈ।
ਰੰਧਾਵਾ ਨੇ ਕਿਹਾ ਕਿ 2015 ਜਦੋਂ ਬੇਅਦਬੀ ਤੇ ਗੋਲੀਕਾਂਡ ਦੀਆਂ ਘਟਨਾਵਾਂ ਵਾਪਰੀਆਂ ਤਾਂ ਨਵਜੋਤ ਸਿੱਧੂ ਉਸ ਵੇਲੇ ਸੱਤਾਧਾਰੀ ਅਕਾਲੀ ਦਲ ਦੀ ਭਾਈਵਾਲ ਬੀਜੇਪੀ ਦੇ ਸਾਂਸਦ ਸਨ, ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਪੰਜਾਬ ਸਰਕਾਰ ‘ਚ ਮੁੱਖ ਸੰਸਦੀ ਸਕੱਤਰ ਸੀ, ਪਰ ਉਹ ਕਦੇ ਬੇਅਦਬੀ ਮਾਮਲੇ ‘ਤੇ ਨਹੀਂ ਬੋਲੇ , ਉਸ ਵੇਲੇ ਉਹ ਕਿਉਂ ਚੁੱਪ ਰਹੇ?
ਸੁਖਜਿੰਦਰ ਰੰਧਾਵਾ ਨੇ ਸਿੱਧੂ ਨੂੰ ਘੇਰਦਿਆਂ ਅੱਗੇ ਕਿਹਾ ਕਿ 2016 ‘ਚ ਸਿੱਧੂ ਕਾਂਗਰਸ ਪਾਰਟੀ ‘ਚ ਸ਼ਾਮਲ ਹੋਏ, ਉਹ ਕਰੀਬ 2 ਸਾਲ ਕੈਬਨਿਟ ਮੰਤਰੀ ਵੀ ਰਹੇ, ਪਰ ਇਸ ਦੌਰਾਨ ਵੀ ਉਨ੍ਹਾਂ ਕਦੇ ਬੇਅਦਬੀ ਮਾਮਲੇ ‘ਤੇ ਕਦੇ ਕੁੱਝ ਨਾ ਬੋਲਿਆ, ਹੁਣ ਉਹ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ, ਰੰਧਾਵਾ ਨੇ ਸਿੱਧੂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਪਾਰਟੀ ਖਿਲਾਫ਼ ਬੇਵਜ੍ਹਾ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਹਾਲਾਂਕਿ ਰੰਧਾਵਾ ਨੂੰ ਅਜੇ ਵੀ ਲਗਦਾ ਹੈ ਨਵਜੋਤ ਸਿੱਧੂ ਕਾਂਗਰਸ ਤੋਂ ਵੱਖ ਨਹੀਂ ਹੋਣਗੇ।
ਰੰਧਾਵਾ ਨੇ ਸਿੱਧੂ ਦੇ ਕੁੱਝ ਪੁਰਾਣੇ ਬਿਆਨ ਵੀ ਯਾਦ ਕਰਵਾਏ, ਜਦ ਉਹਨਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰੇ ਟਿੱਪਣੀ ਕਰਦਿਆਂ ਕਿਹਾ ਸੀ ਕਿ ‘ਉਹ ਨਾ ਸਰਦਾਰ ਹੈ, ਤੇ ਨਾ ਅਸਰਦਾਰ ਹੈ, ਪਰ ਕਾਂਗਰਸ ‘ਚ ਆਉਣ ਮਗਰੋਂ ਕਹਿਣ ਲੱਗੇ ਕਿ ‘ਮਨਮੋਹਨ ਸਿੰਘ ਸਰਦਾਰ ਵੀ ਹਨ ਤੇ ਅਸਰਦਾਰ ਵੀ’, ਇਸ ਗੱਲ ਦੇ ਜ਼ਿਕਰ ਨਾਲ ਉਨ੍ਹਾਂ ਕਿਹਾ ਕਿ ਰਾਜਨੀਤਕ ਲੋਕਾਂ ਨੂੰ ਆਪਣਾ ਕਿਰਦਾਰ ਰੱਖਣਾ ਚਾਹੀਦਾ ਹੈ।
ਦਰਅਸਲ ਨਵਜੋਤ ਸਿੱਧੂ ਪਿਛਲੇੇ ਕੁੱਝ ਦਿਨਾਂ ਤੋਂ ਬੇਅਦਬੀ ਮਾਮਲਿਆਂ ਨੂੰ ਲੈ ਕੇ ਮੁੁੱਖ ਮੰਤਰੀ ਕੈਪਟਨ ਅਮਰਿੰਦਰ ਤੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਹੀ ਸਵਾਲ ਚੁੱਕਦੇ ਆ ਰਹੇ ਹਨ।