ਫਗਵਾੜਾ (ਪ.ਪ.) : ਜਿਥੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਕਾਰਨ ਵਿਗੜੇ ਹਾਲਾਤ ਦੇ ਮੱਦੇਨਜ਼ਰ ਸੂਬੇ ਵਿਚ ਸਖਤ ਪਾਬੰਦੀਆਂ ਦਾ ਐਲਾਨ ਕੀਤਾ ਹੋਇਆ ਹੈ ਉਥੇ ਹੀ ਪੰਜਾਬ ਦੇ ਕਾਂਗਰਸੀ ਵਿਧਾਇਕ ਲਗਾਤਾਰ ਇਨ੍ਹਾਂ ਨਿਯਮਾਂ ਨੂੰ ਟਿੱਚ ਜਾਣਦਿਆਂ ਕਾਨੂੰਨਾਂ ਦੀਆਂ ਧੱਜੀਆਂ ਉਡਾ ਰਹੇ ਹਨ। ਪੁਲਿਸ ਵੱਲੋਂ ਨਿੱਤ ਵੱਡੀ ਗਿਣਤੀ ਵਿਚ ਆਮ ਲੋਕਾਂ ਦੇ ਚਲਾਨ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਸਿਆਸੀ ਰਸੂਖ ਰੱਖਣ ਵਾਲੇ ਸੱਤਾਧਾਰੀ ਲੋਕ ਖੁੱਲ ਕੇ ਕੋਰੋਨਾ ਦੌਰਾਨ ਬੇਝਿਜਕ ਇਕੱਠ ਕਰ ਰਹੇ ਹਨ ਅਤੇ ਲੋਕਾਂ ਨੂੰ ਸਮਝਾਉਣ ਦੀ ਬਜਾਏ ਖੁਦ ਇਕੱਠਾਂ ਵਿਚ ਸ਼ਾਮਿਲ ਹੋ ਰਹੇ ਹਨ। ਹੁਣ ਫਰਗਾੜਾ ਤੋਂ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਵਿਆਹ ਸਮਾਗਮ ਵਿੱਚ ਭੰਗੜੇ ਪਾ ਰਹੇ ਹਨ। ਇਸ ਸਮਾਗਮ ਵਿਚ ਬਿਨਾਂ ਕਿਸੇ ਸਾਵਧਾਨੀ ਤੋਂ ਵੱਡੀ ਗਿਣਤੀ ਲੋਕ ਸ਼ਾਮਲ ਹੋਏ ਸਨ। ਵੀਡੀਓ ਵਿਚ ਸਾਫ ਦਿੱਸ ਰਿਹਾ ਹੈ ਕਿ ਕਿਸੇ ਵੀ ਨਿਯਮ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਜਦੋਂ ਕਿ ਸਰਕਾਰ ਵੱਲੋਂ ਵਿਆਹ ਸਮਾਗਮਾਂ ਵਿਚ ਸ਼ਾਮਲ ਹੋਣ ਦੀ ਗਿਣਤੀ ਤੈਅ ਕੀਤੀ ਹੋਈ ਹੈ। ਹੁਣ ਸਵਾਲ ਹੈ ਕਿ ਇਹ ਨਿਯਮ ਸਿਰਫ ਆਮ ਲੋਕਾਂ ਲਈ ਹੀ ਹਨ।