ਚੰਡੀਗੜ੍ਹ :- ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਕੋਟਕਪੂਰਾ ਗੋਲੀਕਾਂਡ ਦੀ ਕੁੰਵਰ ਵਿਜੇ ਪ੍ਰਤਾਪ ਵੱਲੋਂ ਤਿਆਰ ਕੀਤੀ ਰਿਪੋਰਟ ਰੱਦ ਕਰਨ ਤੋਂ ਬਾਅਦ ਹਲਚਲ ਤੇਜ਼ ਹੋ ਗਈ ਹੈ, ਸਿਆਸੀ ਬਿਆਨਬਾਜ਼ੀਆਂ ਤੋਂ ਬਾਅਦ ਹੁਣ ਨਵੇਂ ਐਕਸ਼ਨ ਦੀ ਤਿਆਰੀ ਹੋਣ ਲੱਗੀ ਹੈ। ਅੱਜ ਸਾਬਕਾ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਕਈ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਤੇ ਨਾਲ ਹੀ ਵੱਖ ਵੱਖ ਸਿਆਸੀ ਧਿਰਾਂ ਦੇ ਆਗੂਆਂ ਨੇ ਇੱਕ ਮੀਟਿੰਗ ਕੀਤੀ।
ਮੀਟਿੰਗ ‘ਚ ਹਾਈਕੋਰਟ ਵੱਲੋਂ ਰੱਦ ਕੀਤੀ ਗਈ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਬਾਰੇ ਵਿਸਥਾਰ ਚਰਚਾ ਹੋਈ, ਜਥੇਬੰਦੀਆਂ ਨੇ ਇਸ ਫੈਸਲੇ ਨੂੰ ਨਿਰਾਸ਼ਾਜਨਕ ਕਰਾਰਾ ਦਿੰਦਿਆਂ ਮਾਨਯੋਗ ਹਾਈਕੋਰਟ ਦੀ ਕਾਰਜਪ੍ਰਣਾਲੀ ਤੱਕ ‘ਤੇ ਵੀ ਸਵਾਲ ਚੁੱਕੇ ਗਏ, ਸੁਖਪਾਲ ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਹਾਈਕੋਰਟ ਵੱਲੋਂ ਆਪਣੇ ਫੈਸਲੇ ‘ਚ ਕੀਤੀਆਂ ਗਈਆਂ, ਉਨ੍ਹਾਂ ਤੋਂ ਕਈ ਸਵਾਲ ਖੜੇ ਹੋ ਰਹੇ ਹਨ, ਖਹਿਰਾ ਮੁਤਾਬਕ ਇਹ ਪ੍ਰਕਿਰਿਆ ਟਰੈਲ ਕੋਰਟ ਦੀ ਸੀ, ਕੀ ਸੱਚ, ਕੀ ਝੂਠ, ਇਹ ਫ਼ੈਸਲਾ ਕਰਨਾ ਟਰੈਲ ਕੋਰਟ ਦਾ ਕੰਮ ਸੀ। ਇਸ ਤੋਂ ਇਲਾਵਾ ਆਗੂਆਂ ਨੇ ਕੈਪਟਨ ਸਰਕਾਰ ‘ਤੇ ਵੀ ਕਈ ਸਵਾਲ ਖੜੇ ਕੀਤੇ।
ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ ਹੋਈ ਇਸ ਮੀਟਿੰਗ ‘ਚ ਜਥੇਦਾਰ ਰਣਜੀਤ ਸਿੰਘ ਤੋਂ ਇਲਾਵਾ ਪਰਮਿੰਦਰ ਸਿੰਘ ਢੀਂਡਸਾ, ਸੁਖਪਾਲ ਖਹਿਰਾ, ਵਿਧਾਇਕ ਜਗਦੇਵ ਕਮਾਲੂ, ਵਿਧਾਇਕ ਪਿਰਮਲ ਸਿੰਘ ਧਨੌਲਾ, ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ, ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਸਮੇਤ ਕਈ ਹੋਰ ਆਗੂ ਸ਼ਾਮਲ ਹੋਏ, ਇਸ ਤੋਂ ਇਲਾਵਾ ਬਹਿਬਲ ਕਲਾਂ ਗੋਲੀਕਾਂਡ ‘ਚ ਮਾਰੇ ਗਏ ਕ੍ਰਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਸਿੰਘ ਵੀ ਮੌਜੂਦ ਰਹੇ।
ਕਰੀਬ ਤਿੰਨ ਘੰਟੇ ਚੱਲੀ ਅੱਜ ਦੀ ਮੀਟਿੰਗ ‘ਚ ਬੇਸ਼ੱਕ ਕੋਈ ਫ਼ੈਸਲਾ ਕਰ ਵੱਡਾ ਐਲਾਨ ਨਹੀਂ ਕੀਤਾ ਗਿਆ, ਪਰ ਸੰਕੇਤ ਦਿੱਤੇ ਜਾ ਰਹੇ ਹਨ ਕਿ ਆਉਣ ਵਾਲੇ ਦਿਨਾਂ ‘ਚ ਇਸ ਪੂਰੇ ਮਾਮਲੇ ਨੂੰ ਲੈਕੇ ਨਵਾਂ ਸੰਘਰਸ਼ ਸ਼ੁਰੂ ਹੋ ਸਕਦਾ ਹੈ, ਮੀਟਿੰਗ ਤੋਂ ਬਾਅਦ ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ 27 ਅਪ੍ਰੈਲ ਨੂੰ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਤਰ ਹੋ ਕੇ ਅੱਗੇ ਦੀ ਰਣਨੀਤੀ ਬਾਰੇ ਐਲਾਨ ਕੀਤਾ ਜਾਵੇਗਾ। ਫਿਲਹਾਲ ਨਜ਼ਰਾਂ 27 ਅਪ੍ਰੈਲ ਨੂੰ ਹੋਣ ਵਾਲੀ ਮੀਟਿੰਗ ‘ਤੇ ਰਹਿਣਗੀਆਂ ਕਿ ਆਖਿਰ ਆਉਣ ਵਾਲੇ ਦਿਨਾਂ ਚ ਕਿਸ ਤਰ੍ਹਾਂ ਦਾ ਸੰਘਰਸ਼ ਵਿੱਢਣ ਦੀ ਤਿਆਰੀ ਚੱਲ ਰਹੀ ਹੈ।