ਨਿਊਯਾਰਕ : ਅਮਰੀਕਾ ਵਿਚ ਇਕ ਵਾਰ ਤੋਂ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਖਬਰਾਂ ਅਨੁਸਾਰ ਕੋਲੋਰਾਡੋ (Colorado birthday party attack) ਵਿਚ ਚੱਲ ਰਹੀ ਜਨਮਦਿਨ ਪਾਰਟੀ ਵਿੱਚ ਇਕ ਵਿਅਕਤੀ ‘ਤੇ ਹਮਲਾ ਹੋਇਆ ਸੀ। ਇਸ ਗੋਲੀਬਾਰੀ ਦੀ ਘਟਨਾ ਵਿੱਚ ਕੁੱਲ 7 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੰਦੂਕਧਾਰੀ ਨੇ ਪਹਿਲਾਂ 6 ਲੋਕਾਂ ਦੀ ਹੱਤਿਆ ਕੀਤੀ ਅਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਲਈ। ਇਸ ਹਮਲੇ ਪਿੱਛੇ ਉਸਦਾ ਮਨੋਰਥ ਕੀ ਸੀ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਇਸ ਹਮਲੇ ਵਿੱਚ ਮਾਰੀ ਗਈ ਔਰਤ ਦਾ ਬੁਆਏਫ੍ਰੈਂਡ ਸੀ। ਦੱਸਿਆ ਜਾ ਰਿਹਾ ਹੈ ਕਿ ਉਸਨੇ ਜਨਮਦਿਨ ਉੱਤੇ ਪਹੁੰਚਦਿਆਂ ਹੀ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਪਾਰਟੀ ਹਾਲ ਵਿਚ ਹੀ 6 ਲੋਕਾਂ ਦੀ ਮੌਤ ਹੋ ਗਈ। ਜਦਕਿ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਪਰ ਕੁਝ ਸਮੇਂ ਬਾਅਦ ਉਹ ਵੀ ਹਸਪਤਾਲ ਵਿਚ ਦਮ ਤੋੜ ਗਿਆ।
ਇਸ ਸਾਲ 22 ਮਾਰਚ ਨੂੰ ਕੋਲੋਰਾਡੋ ਵਿਚ ਇਕ ਹੋਰ ਅੰਨ੍ਹੇਵਾਹ ਗੋਲੀਬਾਰੀ ਦੀ ਘਟਨਾ ਦੱਸੀ ਗਈ ਸੀ। ਇਸ ਹਮਲੇ ਵਿਚ 10 ਲੋਕਾਂ ਦੀ ਜਾਨ ਚਲੀ ਗਈ। 1999 ਵਿੱਚ, ਇੱਥੇ ਇੱਕ ਸਕੂਲ ਦੀ ਫਾਇਰਿੰਗ ਦੌਰਾਨ 15 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ, ਸਾਲ 2012 ਵਿੱਚ, ਇੱਕ ਸਿਨੇਮਾ ਹਾਲ ਵਿੱਚ 12 ਵਿਅਕਤੀ ਮਾਰੇ ਗਏ ਸਨ।
ਇਸ ਤੋਂ ਪਹਿਲਾਂ, ਐਤਵਾਰ ਨੂੰ ਅਮਰੀਕਾ ਦੇ ਫੀਨਿਕਸ, ਵਿੱਚ ਇੱਕ ਹੋਟਲ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਸੱਤ ਹੋਰ ਜ਼ਖਮੀ ਹੋ ਗਏ ਸਨ। ਅਧਿਕਾਰੀਆਂ ਨੂੰ ਦੁਪਹਿਰ 12:30 ਵਜੇ ਦੇ ਕਰੀਬ ਹਾਯਾਤ ਰੀਜੈਂਸੀ ਫੀਨਿਕਸ ਹੋਟਲ ਵਿੱਚ ਹੋਈ ਫਾਇਰਿੰਗ ਬਾਰੇ ਪਤਾ ਲੱਗਿਆ। ਪੁਲਿਸ ਨੇ ਦੱਸਿਆ ਕਿ 18 ਤੋਂ 22 ਸਾਲ ਦੀ ਉਮਰ ਸਮੂਹ ਦੇ ਲੋਕਾਂ ਵਿੱਚ ਇੱਕ ਬਹਿਸ ਹੋ ਗਈ ਸੀ ਜੋ ਹੋਟਲ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸਨ, ਜਿਸ ਤੋਂ ਬਾਅਦ ਫਾਇਰਿੰਗ ਸ਼ੁਰੂ ਹੋ ਗਈ।