
ਨਿਊਜ਼ੀਲੈਂਡ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਦਲੇਰੀ ਸਦਕਾ ਇੱਕ ਹਾਦਸਾ ਹੋਣੋਂ ਟੱਲ ਗਿਆ। ਨੌਜਵਾਨ ਨੇ ਆਪਣੇ ਜਾਨ ਨੂੰ ਖਤਰੇ ਵਿੱਚ ਪਾ ਕੇ ਇੱਕ ਵਿਅਕਤੀ ਨੂੰ ਪਾਣੀ ਵਿੱਚ ਡੁੱਬਣੋ ਬਚਾ ਲਿਆ। ਜਦਕਿ ਇਸ ਘਟਨਾ ਸਮੇਂ ਕੁੱਝ ਲੋਕ ਵੀਡੀਓ ਬਣਾ ਰਹੇ ਸਨ। ਇਸ ਬਹਾਦਰ ਕੰਮ ਲਈ ਪੁਲਿਸ ਨੇ ਇਸ ਸੁਖਵਿੰਦਰ ਸਿੰਘ ਦਾ ਮਾਣ ਵਧਾਉਣ ਲਈ ਪ੍ਰਸ਼ੰਸ਼ਾ ਪੱਤਰ ਨਾਲ ਨਵਾਜਿਆ ਹੈ।
ਦੂਜੇ ਪਾਸੇ ਪੁਲਿਸ ਨੂੰ ਰੋਸ ਸੀ ਕਿ ਜਦੋਂ ਮਿਸਟਰ ਸਿੰਘ ਇਕ ਡੁੱਬਦੇ ਵਿਅਕਤੀ ਨੂੰ ਬਚਾਅ ਰਿਹਾ ਸੀ ਤਾਂ ਅਜਿਹੇ ਐਮਰਜੈਂਸੀ ਵਾਲੇ ਵਕਤ ਕਈ ਲੋਕ ਮੱਦਦ ਕਰਨ ਦੀ ਥਾਂ ਪਿੱਛੇ ਖੜ੍ਹੇ ਰਹੇ ਅਤੇ ਕਈ ਵੀਡੀਉ ਬਣਾਉਣ `ਚ ਲੱਗੇ ਰਹੇ।
ਇੰਝ ਵਾਪਰਿਆ ਮਾਮਲਾ-
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕੁੱਝ ਦਿਨ 12 ਮਈ ਬੁੱਧਵਾਰ ਨੂੰ ਰਾਜਧਾਨੀ ਵਲੰਗਿਟਨ ਨੇੜੇ ਪੋਰੀਰੂਆ `ਚ ਵਾਪਰੀ ਸੀ। ਜਿੱਥੇ ਪੰਜਾਬੀ ਨੌਜਵਾਨ ਸੁਖਵਿੰਦਰ ਸਿੰਘ ਅਤੇ ਉਸਦੀ ਪਤਨੀ ਉਰੀਆਨਾ ਕੌਰ, ਟੀਟਾਹੀ ਬੇਅ `ਤੇ ਬੈਠੇ ਕੁੱਝ ਖਾ-ਪੀ ਰਹੇ ਸਨ। ਜਿਸ ਦੌਰਾਨ ਉਨ੍ਹਾਂ ਵੇਖਿਆ ਕਿ ਇਕ ਵਿਅਕਤੀ ਪਾਣੀ `ਚ ਡੁੱਬ ਰਿਹਾ ਸੀ। ਪਾਣੀ `ਚ ਤਰਨਾ ਨਾ ਜਾਨਣ ਦੇ ਬਾਵਜੂਦ ਸੁਖਵਿੰਦਰ ਸਿੰਘ ਤੁਰੰਤ ਆਪਣੇ ਕੱਪੜੇ ਲਾਹ ਕੇ ਪਾਣੀ ਵੜ੍ਹ ਗਿਆ ਅਤੇ ਡੁੱਬਦੇ ਵਿਅਕਤੀ ਨੂੰ ਬਾਹਰ ਕੱਢ ਲਿਆਂਦਾ।
ਇਸੇ ਦੌਰਾਨ ਉਸਦੀ ਪਤਨੀ ਉਰੀਆਨਾ ਕੌਰ ਨੇ ਐਮਰਜੈਸੀ ਸੇਵਾਵਾਂ ਵਾਸਤੇ ਫ਼ੋਨ ਕਰ ਦਿੱਤਾ ਅਤੇ ਪੁਲੀਸ ਮੌਕੇ `ਤੇ ਪੁੱਜ ਗਈ। ਮੁੱਢਲੀ ਮੈਡੀਕਲ ਸੇਵਾ ਤੋਂ ਬਾਅਦ ਪੀੜਿਤ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ। ਜਿਸ ਪਿੱਛੋਂ ਪੁਲੀਸ ਨੇ ਏਰੀਆ ਕਮਾਂਡਰਜ ਸਰਟੀਫਿਕੇਟ ਆਫ ਐਪਰੀਸੀਏਸ਼ਨ ਦਿੱਤਾ ਹੈ।
ਦਲੇਰੀ ਭਰੇ ਫ਼ੈਸਲੇ ਦੀ ਪ੍ਰਸੰਸਾ
ਇਸ ਘਟਨਾ ਦੌਰਾਨ ਸੁਖਵਿੰਦਰ ਸਿੰਘ ਵੱਲੋਂ ਲਏ ਗਏ ਦਲੇਰੀ ਭਰੇ ਫ਼ੈਸਲੇ ਦੀ ਪ੍ਰਸੰਸਾ ਕਰਦਿਆਂ ਐਕਟਿੰਗ ਏਰੀਆ ਕਮਾਂਡਰ, ਇੰਸਪੈਕਟਰ ਨਿਕ ਥੋਮ ਦਾ ਕਹਿਣਾ ਹੈ ਕਿ ਕਮਿਊਨਿਟੀ ਨੂੰ ਸਰੁੱਖਿਅਤ ਰੱਖਣ ਲਈ ਪੁਲੀਸ ਨੂੰ ਆਮ ਲੋਕਾਂ ਦੇ ਸਹਿਯੋਗ ਦੀ ਲੋੜ ਹੁੰਦੀ ਹੈ ਅਤੇ ਸੁਖਵਿੰਦਰ ਸਿੰਘ ਨੇ ਤਰਨਾ ਨਾ ਜਾਣਦੇ ਹੋਣ ਦੇ ਬਾਵਜੂਦ ਇਕ ਵਿਅਕਤੀ ਨੂੰ ਡੁੱਬਣੋਂ ਬਚਾ ਲਿਆ ਹੈ। ਜਿਸ ਕਰਕੇ ਕਾਪਿਟੀ-ਮਾਨਾ ਪੁਲੀਸ ਉਸਦੀ ਬਹੁਤ ਧੰਨਵਾਦੀ ਹੈ।