ਬੰਗਾਲ : ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਥੋੜਾ ਘੱਟ ਹੋਇਆ ਹੈ ਪਰ ਸਥਿਤੀ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ। ਕੋਰੋਨਾ ਨਾਲ ਮੌਤਾਂ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਦੇਸ਼ ਵਿਚ ਇਕ ਵਾਰ ਫਿਰ ਲੋਕ ਕੋਰੋਨਾ ਮਹਾਂਮਾਰੀ ਨਾਲ ਮਰ ਰਹੇ ਹਨ। ਪੱਛਮੀ ਬੰਗਾਲ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀਮਮਤਾ ਬੈਨਰਜੀ ਦੇ ਛੋਟੇ ਭਰਾ ਅਸੀਮ ਦੀ ਸ਼ਨੀਵਾਰ ਸਵੇਰੇ ਕੋਰੋਨਾ ਕਾਰਨ ਮੌਤ ਹੋ ਗਈ ਹੈ। ਅਸੀਮ ਪਿਛਲੇ ਦਿਨੀਂ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ ਅਤੇ ਉਸ ਦਾ ਕੋਲਕਾਤਾ ਦੇ ਮੈਡੀਕਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ।
ਪਰਿਵਾਰਕ ਸੂਤਰਾਂ ਅਨੁਸਾਰ ਅਸੀਮ ਬੈਨਰਜੀ ਦਾ ਅੰਤਮ ਸਸਕਾਰ ਕੋਰੋਨਾ ਪ੍ਰੋਟੋਕੋਲ ਅਨੁਸਾਰ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਮਮਤਾ ਬੈਨਰਜੀ ਦਾ ਛੋਟਾ ਭਰਾ ਅਸੀਮ ਬੈਨਰਜੀ ਪਿਛਲੇ ਇਕ ਮਹੀਨੇ ਤੋਂ ਕੋਰੋਨਾ ਤੋਂ ਸੰਕਰਮਿਤ ਸੀ। ਕੋਲਕਾਤਾ ਦੇ ਮੇਡਿਕਾ ਸੁਪਰਸਪੈਸ਼ਲਿਟੀ ਹਸਪਤਾਲ ਵਿੱਚ ਉਸਦਾ ਇਲਾਜ ਚੱਲ ਰਿਹਾ ਸੀ। ਅੱਜ ਸਵੇਰੇ ਅਸੀਮ ਦੀ ਸਿਹਤ ਵਿਗੜ ਗਈ ਅਤੇ ਉਸਦੀ ਮੌਤ ਹੋ ਗਈ।
ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 3 ਲੱਖ 26 ਹਜ਼ਾਰ 98 ਨਵੇਂ ਕੇਸ ਸਾਹਮਣੇ ਆਏ ਹਨ ,ਜਦਕਿ 3890 ਲੋਕਾਂ ਦੀ ਮੌਤ ਹੋਈ ਹੈ। ਓਥੇ ਹੀ 3,53,299 ਲੋਕ ਠੀਕ ਵੀ ਹੋਏ ਹਨ। ਰਾਹਤ ਵਾਲੀ ਗੱਲ ਇਹ ਹੈ ਕਿ ਅੱਜ ਸਾਹਮਣੇ ਆਏ ਨਵੇਂ ਅੰਕੜਿਆਂ ਨਾਲੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ।