ਸੋਨੀਪਤ: ਇੱਥੋਂ ਦੇ ਸਿੰਘੂ ਬਾਰਡਰ ‘ਤੇ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਉੱਥੇ ਹੀ ਸੰਯੁਕਤ ਕਿਸਾਨ ਮੋਰਚਾ ਦੀ ਅਪੀਲ ਤੋਂ ਬਾਅਦ ਅੰਦੋਲਨ ਅੱਗੇ ਵਧ ਰਿਹਾ ਹੈ। ਅੱਜ ਕਿਸਾਨ ਲੀਡਰਾਂ ਨੇ ਸਿੰਘੂ ਬਾਰਡਰ ‘ਤੇ ਕਿਸਾਨ ਅੰਦੋਲਨ ‘ਚ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ 26 ਮਈ ਨੂੰ ਦੇਸ਼ ਭਰ ‘ਚ ਕਾਲਾ ਦਿਵਸ ਮਨਾਇਆ ਜਾਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪੁਤਲੇ ਸਾੜੇ ਜਾਣਗੇ। ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਘਰਾਂ ‘ਤੇ ਵੀ ਕਾਲੇ ਝੰਡੇ ਲਹਿਰਾਉਣਗੇ।
ਇਸ ਤੋਂ ਇਲਾਵਾ ਕਿਸਾਨ ਲੀਡਰਾਂ ਨੇ ਕਿਹਾ ਕਿ ਸਰਕਾਰ ਅੰਦੋਲਨ ਨੂੰ ਜਾਣਬੁੱਝ ਕੇ ਬਦਨਾਮ ਕਰ ਰਹੀ ਹੈ। ਇੱਥੋਂ ਕੋਈ ਵੀ ਕੋਰੋਨਾ ਸਪੌਟ ਨਹੀਂ ਬਣਿਆ ਹੈ। ਸਰਕਾਰ ਆਪਣੀਆਂ ਕਮੀਆਂ ਛੁਪਾਉਣ ਲਈ ਕਿਸਾਨ ਅੰਦੋਲਨ ‘ਤੇ ਸਵਾਲ ਚੁੱਕ ਰਹੀ ਹੈ।
ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਗੰਨੇ ਦਾ ਰੇਟ ਵਧਾਵੇ ਕਿਉਂਕਿ ਹਰਿਆਣਾ ‘ਚ 350 ਰੁਪਏ ਕੁਇੰਟਲ ਗੰਨਾ ਵਿਕ ਰਿਹਾ ਹੈ। ਉੱਥੇ ਹੀ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਗੰਨੇ ਦਾ ਰੇਟ ਵਧਾਉਣਗੇ। 2019 ਤੋਂ ਗੰਨੇ ਦੀ ਰੁਕੀ ਹੋਈ ਅਦਾਇਗੀ ਨੂੰ ਛੇਤੀ ਤੋਂ ਛੇਤੀ ਸਰਕਾਰ ਦੇਵੇ ਨਹੀਂ ਤਾਂ ਦਿੱਲੀ ਬਾਰਡਰ ਵਾਂਗ ਪੰਜਾਬ ‘ਚ ਵੀ ਥਾਂ-ਥਾਂ ਧਰਨੇ ਦਿੱਤੇ ਜਾਣਗੇ।