ਵੈਨਕੂਵਰ: ਕੈਨੇਡਾ ਵਿੱਚ ਪੰਜਾਬੀਆਂ ਦੀ ਗੈਂਗਵਾਰ ਮਗਰੋਂ ਪੁਲਿਸ ਚੌਕਸ ਹੋ ਗਈ ਹੈ। ਵੈਨਕੂਵਰ ਪੁਲਿਸ ਨੇ ਚਾਰ ਪੰਜਾਬੀਆਂ ਸਮੇਤ 6 ਵਿਅਕਤੀਆਂ ਨੂੰ ਗੈਂਗਸਟਰ ਕਰਾਰ ਦਿੰਦਿਆਂ ਉਨ੍ਹਾਂ ਦੇ ਨਾਂ ਤੇ ਫੋਟੋਆਂ ਜਾਰੀ ਕੀਤੀਆਂ ਹਨ। ਪੁਲਿਸ ਨੇ ਲੋਕਾਂ ਨੂੰ ਚੌਕਸ ਕੀਤਾ ਹੈ ਕਿ ਇਨ੍ਹਾਂ ਤੋਂ ਬਚ ਕੇ ਰਿਹਾ ਜਾਵੇ ਤੇ ਪਤਾ ਲੱਗਣ ’ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।
ਪੁਲਿਸ ਮੁਖੀ ਐਡਮ ਪਾਲਮਰ ਅਨੁਸਾਰ ਇਨ੍ਹਾਂ ਗੈਂਗਸਟਰਾਂ ਦਾ ਆਮ ਲੋਕਾਂ ਵਿੱਚ ਵਿਚਰਨਾ ਹੋਰਾਂ ਲਈ ਖ਼ਤਰੇ ਤੋਂ ਖਾਲੀ ਨਹੀਂ। ਉਨ੍ਹਾਂ ਦੱਸਿਆ ਕਿ ਲੰਘੇ ਸਾਢੇ ਚਾਰ ਮਹੀਨਿਆਂ ਦੌਰਾਨ ਖੇਤਰ ਵਿੱਚ ਗੈਂਗਸਟਰਾਂ ਦੀ ਬਦਲਾਖੋਰੀ ਵਿੱਚ 20 ਜਣੇ ਮਾਰੇ ਗਏ ਤੇ 20 ਹੋਰ ਜ਼ਖ਼ਮੀ ਹੋਏ।
ਪੁਲਿਸ ਵੱਲੋਂ ਜਾਰੀ 6 ਨਾਵਾਂ ਵਿੱਚ ਹਰਜੀਤ ਦਿਓ (35) ਤੇ ਗੁਰਿੰਦਰ ਦਿਓ (38) ਸਕੇ ਭਰਾ, ਬਰਿੰਦਰ ਧਾਲੀਵਾਲ (38) ਤੇ ਮਨਿੰਦਰ ਧਾਲੀਵਾਲ (28) ਸਕੇ ਭਰਾ ਤੇ 21 ਤੇ 41 ਸਾਲਾ ਦੋ ਲੋਕ ਹੋਰ ਭਾਈਚਾਰਿਆਂ ’ਚੋਂ ਹਨ। ਦਿਓ ਭਰਾਵਾਂ ਦਾ ਵੱਡਾ ਭਰਾ ਪੰਜ ਸਾਲ ਪਹਿਲਾਂ ਟਰਾਂਟੋ ਵਿੱਚ ਮਾਰਿਆ ਗਿਆ ਸੀ।