ਪੰਜਾਬ ਵਿੱਚ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ। ਹਰ ਰੋਜ ਸਤਾ ਦੀ ਲਾਲਸਾ ਰੱਖਣ ਵਾਲੇ ਲੋਕ ਆਪਣੀਆਂ ਵਫਾਦਾਰੀਆਂ ਬਦਲ ਰਹੇ ਹਨ । ਮਿਲੀ ਜਾਣਕਾਰੀ ਮੁਤਾਬਿਕ ਕੁੱਝ ਸਾਲ ਪਹਿਲਾਂ ਅਕਾਲੀ ਦਲ ਦੇ ਦਿੱਗਜ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਹੋਰ ਲੋਕ ਅਕਾਲੀ ਦਲ ਬਾਦਲ ਨੂੰ ਇਸ ਕਰਕੇ ਛੱਡ ਗਏ ਸਨ । ਕੇ ਉਨ੍ਹਾਂ ਦਾ ਕਹਿਣਾ ਸੀ ਪਾਰਟੀ ਵਿੱਚ ਸੁਣਵਾਈ ਨਹੀ ਹੁੰਦੀ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦਾ ਪਾਰਟੀ ਤੇ ਕਬਜ਼ਾ ਹੈ । ਬਾਦਲ ਪਰਿਵਾਰ ਨੇ ਗਲਤ ਫੈਸਲੇ ਲੈ ਕੇ ਪਾਰਟੀ ਦਾ ਨੁਕਸਾਨ ਕੀਤਾ ਹੈ ਤੇ ਹੋਰ ਵੀ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਗੱਲਾਂ ਕੀਤੀਆਂ ਸਨ। ਉਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀ ਨਵੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਅ ਲਿਆ ਸੀ । ਪੰਜਾਬ ਵਿੱਚ ਚੋਣਾਂ ਨੂੰ ਲੈ ਕੇ ਜਿਥੇ ਬੀਜੇਪੀ ਪੂਰਾ ਜੋਰ ਲਾ ਰਹੀ ਹੈ ਤੇ ਛੋਟੀਆਂ ਪਾਰਟੀਆਂ ਨੂੰ ਲੈ ਕੇ ਗਠਜੋੜ ਕਰ ਰਹੀ ਹੈ। ਪਿਛਲੇ ਦਿਨਾਂ ਤੋਂ ਇਹ ਚਰਚਾ ਚੱਲ ਰਹੀ ਹੈ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਗਠਜੋੜ ਬੀਜੇਪੀ ਨਾਲ ਹੋ ਸਕਦਾ ਹੈ । ਜਿਸ ਨੂੰ ਲੈ ਕੇ ਅਕਾਲੀ ਦਲ ਸੰਯੁਕਤ ਦੋ ਫਾੜ ਹੋ ਗਿਆ ਹੈ । ਸੁਖਦੇਵ ਸਿੰਘ ਢੀਂਡਸਾ ਕੱਲੇ ਰਿਹ ਗਏ ਹਨ।
ਕਿਉਂਕਿ ਅੱਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ, ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲੀ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਿੱਚ ਸ਼ਾਮਲ ਹੋ ਰਹੇ ਹਨ। ਹਾਸਲ ਜਾਣਕਾਰੀ ਮੁਤਾਬਕ ਬ੍ਰਹਮਪੁਰਾ ਧੜੇ ਦੇ ਹੋਰ ਵੀ ਕਈ ਲੀਡਰ ਚੰਡੀਗੜ੍ਹ ਵਿੱਚ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਰਿਹਾਇਸ਼ ਵਿਖੇ 11:30 ਵਜੇ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੋਫਾੜ ਹੋ ਗਿਆ ਹੈ ਤੇ ਸੁਖਦੇਵ ਸਿੰਘ ਢੀਂਡਸਾ ਦੇ ਬੀਜੇਪੀ ਨਾਲ ਗੱਠਜੋੜ ਨੂੰ ਗ੍ਰਹਿਣ ਲੱਗ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਅਕਾਲੀ ਦਲ ਵਿੱਚ ਸ਼ਾਮਲ ਹੁੰਦੇ ਹੀ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਜਾਵੇਗਾ।
ਅਕਾਲੀ ਦਲ ਵਿੱਚ ਮੁੜ ਸ਼ਾਮਲ ਹੋਣ ਦੀ ਵਜ੍ਹਾ!
ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਥਕ ਧਿਰਾਂ ਨੂੰ ਇੱਕ ਮੰਚ ਹੇਠ ਇਕੱਠੇ ਹੋਣ ਦਾ ਸੱਦਾ ਦਿੱਤੀ ਸੀ। ਅਕਾਲ ਤਖ਼ਤ ਸਰਵਉੱਚ ਹੈ ਅਤੇ ਉਸਦੀ ਅਪੀਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸਲਈ ਉਨ੍ਹਾਂ ਸੋਚ ਵਿਚਾਰ ਕੇ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਇੰਨਾ ਹੀ ਨਹੀਂ ਅਕਾਲ ਤਖ਼ਤ ਦੇ ਜਥੇਦਾਰ ਦੀ ਅਪੀਲ ਦਾ ਉਜਾਗਰ ਸਿੰਘ ਬਡਾਲੀ, ਮਹਿੰਦਰ ਸਿੰਘ ਹੁਸੈਨਪੁਰ, ਗੋਪਾਲ ਸਿੰਘ ਜਾਨੀਆ, ਕਰਨੈਲ ਸਿੰਘ ਪੀਰ ਮੁਹੰਮਦ ਸਮੇਤ ਬ੍ਰਹਮਪੁਰਾ ਧੜੇ ਨੇ ਸਵਾਗਤ ਕੀਤਾ। ਪੀਰ ਮੁਹੰਮਦ ਨੇ ਕਿਹਾ। “ਅਸੀਂ ਜਨਮ ਤੋਂ ਅਕਾਲੀ ਹਾਂ ਅਤੇ ਆਖਰੀ ਸਾਹ ਤੱਕ ਅਕਾਲੀ ਰਹਾਂਗੇ। ਅਸੀਂ ਇੱਥੇ ਪੰਥਕ ਸੋਚ ਨੂੰ ਜਿਉਂਦਾ ਰੱਖਣ ਲਈ ਆਏ ਹਾਂ, ”
ਢੀਂਡਸਾ ਨੇ ਤਖ਼ਤ ਦੇ ਜਥੇਦਾਰ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਲਾਹ
ਅਕਾਲੀ ਦਲ (ਸੰਯੁਕਤ) ਦੇ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਿੱਧੇ ਤੌਰ ’ਤੇ ਸਿਆਸਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੀ ਮੌਜੂਦਾ ਅਗਵਾਈ ਹੇਠ ਪੰਥ ਕਦੇ ਵੀ ਇਕਜੁੱਟ ਨਹੀਂ ਹੋ ਸਕਦਾ। ਉਨ੍ਹਾਂ ਦਾਅਵਾ ਕੀਤਾ ਕਿ ਬ੍ਰਹਮਪੁਰਾ ਹਮੇਸ਼ਾ ਹੀ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਵਿੱਚ ‘ਮੁੜ ਵਸੇਬੇ’ ਦਾ ਚਾਹਵਾਨ ਰਿਹਾ ਹੈ।
ਬ੍ਰਹਮਪੁਰਾ ਨੇ ਢੀਂਡਸਾ ਤੋਂ ਰਾਹ ਕੀਤਾ ਸੀ ਵੱਖ
ਅਕਾਲੀ ਦਲ (ਸੰਯੁਕਤ) ਦੇ ਦੋ ਦਿੱਗਜ ਆਗੂਆਂ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵਿਚਕਾਰ ਅਸਲ ਤਕਰਾਰ ਭਾਜਪਾ ਨਾਲ ਗਠਜੋੜ ਨੂੰ ਲੈ ਕੇ ਸ਼ੁਰੂ ਹੋ ਗਈ ਸੀ। ਬ੍ਰਹਮਪੁਰਾ ਢੀਂਡਸਾ ਧੜੇ ਵੱਲੋਂ ਭਗਵਾ ਪਾਰਟੀ ਨਾਲ ਗਠਜੋੜ ਕਰਨ ਦੀ ਯੋਜਨਾ ਦਾ ਲਗਾਤਾਰ ਵਿਰੋਧ ਕਰ ਰਹੇ ਸਨ।
ਤਿੰਨ ਸਾਲ ਪਹਿਲਾਂ ਸੁਖਬੀਰ ਤੇ ਮਜੀਠੀਆ ‘ਤੇ ਗੰਭੀਰ ਦੋਸ਼ ਲਾ ਛੱਡੀ ਸੀ ਪਾਰਟੀ-
2018 ਵਿੱਚ, ਬ੍ਰਹਮਪੁਰਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸਮੇਤ ਅਕਾਲੀ ਲੀਡਰਸ਼ਿਪ ‘ਤੇ ਗੰਭੀਰ ਦੋਸ਼ ਲਗਾਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ‘ਚੋਂ ਕੱਢ ਦਿੱਤਾ ਗਿਆ। ਇਸ ਤੋਂ ਤੁਰੰਤ ਬਾਅਦ, ਬ੍ਰਹਮਪੁਰਾ ਨੇ ਕਈ ਹੋਰ ਨੇਤਾਵਾਂ ਨਾਲ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਸਥਾਪਨਾ ਕੀਤੀ, ਜਿਸ ਨੂੰ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿੱਚ ਮਿਲਾ ਦਿੱਤਾ ਗਿਆ। ਇਸ ਸਾਰੇ ਡਰਾਮੇ ਤੇ ਲੋਕਾਂ ਦਾ ਕਹਿਣਾ ਹੈ ਜਦੋਂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਉਸ ਦੇ ਸਾਥੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਿਆ ਸੀ ਉਦੋਂ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਨ ਤੇ ਜਦੋਂਂ ਅੱਜ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ ਤਾਂ ਅੱਜ ਵੀ ਸੁਖਬੀਰ ਸਿੰਘ ਬਾਦਲ ਹੀ ਪਾਰਟੀ ਪ੍ਰਧਾਨ ਹੈ। ਕੀ ਅੱਜ ਸੁਖਬੀਰ ਸਿੰਘ ਬਾਦਲ ਸਹੀ ਹੋ ਗਏ ਹਨ ।