ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ । 16 ਤਰੀਕ ਨੂੰ ਰਸਮੀ ਤੌਰ ਤੇ ਸਹੁੰ ਚੁੱਕ ਸਮਾਗਮ ਭਗਤ ਸਿੰਘ ਦੇ ਪਿੰਡ ਖਟਕੜਾਂ ਕਲਾਂ ਵਿੱਚ ਕੀਤਾ ਜਾਣਾ ਹੈ । ਪਰ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ । ਅੱਜ ਜਿਥੇ ਮਾਨ ਨੇ ਆਪਣੀ ਡਿਊਟੀ ਤੋਂ ਕੁਤਾਹੀ ਕਰਨ ਵਾਲੇ ਕੁੱਝ ਅਫਸਰਾਂ ਨੂੰ ਕਾਰਨ ਦੱਸੋ ਨੋਟਿਸ ਵੀ ਕੱਢ ਦਿੱਤੇ ਹਨ ।ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ।ਖਾਸ ਕਰਕੇ ਵੱਡਾ ਮੁੱਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਗੋਲੀਕਾਂਡ ਦਾ ਇਨਸਾਫ ਦਿਵਾਉਣ ਸੀ। ਇਸ ਮੁੱਦੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੰਗ ਕਰਦਿਆਂ ਆਖਿਆ ਕੇ ਭਗਵੰਤ ਸਿੰਘ ਮਾਨ ਆਉਣ ਵਾਲੇ ਛੇ ਮਹੀਨੇ ਅੰਦਰ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਅਤੇ ਕੋਟਕਪੂਰਾ ਵਿੱਚ ਸ਼ਾਤਮਈ ਰੋਸ ਧਰਨੇ ਤੇ ਬੈਠੀਆਂ ਸੰਗਤਾਂ ਤੇ ਲਾਠੀਚਾਰਜ, ਅਤੇ ਬਹਿਬਲ ਗੋਲੀਕਾਂਡ ਵਿੱਚ ਸ਼ਹੀਦ ਕੀਤੇ ਗਏ ਦੋ ਸਿੱਖ ਨੌਜਵਾਨਾਂ ਤੇ ਹੋਰ ਪੀੜਤ ਪਰਿਵਾਰਾਂ ਨੂੰ ਇਨਸਾਫ ਦੇਣ । ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬਹਿਬਲ ਕਲਾਂ ਵਿਖੇ ਪੀੜਤ ਪਰਿਵਾਰਾਂ ਵੱਲੋਂ ਦਿੱਤੇ ਜਾ ਰਹੇ ਰੋਸ ਧਰਨੇ ਵਿਚ ਪਹੁੰਚ ਕੇ ਪਹਿਲਾਂ ਭਗਵੰਤ ਮਾਨ ਨੂੰ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ ਤੇ ਆਖਿਆ ਕਿ ਉਹ ਸਮਝਦੇ ਹਨ ਕਿ ਇਸ ਤਰ੍ਹਾਂ ਦੇ ਮਸਲੇ ਇੱਕ ਦਿਨ ਵਿਚ ਨਹੀ ਹੱਲ ਹੋ ਸਕਦੇ। ਇਸ ਲਈ ਉਹ ਸਰਕਾਰ ਨੂੰ ਅਗਲੇ 6 ਮਹੀਨੇ ਦਾ ਸਮਾਂ ਦਿੰਦੇ ਹਨ। ਜੇਕਰ ਪੀੜਤ ਪਰਿਵਾਰਾਂ ਤੇ ਬੇਅਦਬੀ ਦੇ ਦੋਸ਼ੀਆ ਨੂੰ ਜੇਲ੍ਹ ਵਿਚ ਨਾ ਡੱਕਿਆ ਗਿਆ ਤਾਂ ਕਾਂਗਰਸ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਐਕਸ਼ਨ ਵਿਚ ਆਵੇਗੀ। ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਆਖਿਆ ਕਿ ਕਾਂਗਰਸ ਨੇ ਵਾਅਦੇ ਕਰਕੇ ਵੀ ਇਨ੍ਹਾਂ ਧਾਰਮਿਕ ਤੇ ਸੰਜੀਦਾ ਮਸਲਿਆਂ ਦਾ ਹੱਲ ਨਹੀਂ ਕੀਤਾ ਤਾਂ ਹੀ ਅੱਜ ਅਕਾਲੀ ਦਲ ਤੇ ਕਾਂਗਰਸ ਨੂੰ ਚੋਣਾਂ ਵਿਚ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ। ਉਨ੍ਹਾਂ ਪੰਜਾਬ ਦੇ ਮਸਲਿਆਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਭਗਵੰਤ ਮਾਨ ਇਨ੍ਹਾਂ ਮਸਲਿਆਂ ਦੇ ਹੱਲ ਕਰਨ ਵਿਚ ਸਫਲ ਹੋਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਭਗਵੰਤ ਮਾਨ ਦੇ ਸਹੀ ਫ਼ੈਸਲਿਆਂ ਵਿਚ ਉਹ ਭਗਵੰਤ ਮਾਨ ਦਾ ਸਾਥ ਦੇਣਗੇ ਤੇ ਬੇਲੋੜੀ ਅਲੋਚਨਾ ਤੋਂ ਗੁਰੇਜ ਕਰਦੇ ਰਹਿਣਗੇ।ਇਸ ਮੌਕੇ ਗੋਲੀਕਾਂਡ ਵਿਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਆਖਿਆ ਕਿ ਕਾਂਗਰਸ ਨੇ ਵਾਅਦੇ ਕਰਕੇ ਸੱਤਾ ਵਿਚ ਆਉਣ ਮਗਰੋਂ ਇਸ ਸੰਜੀਦਾ ਮਸਲੇ ਬਾਰੇ ਨਹੀਂ ਸੋਚਿਆਂ ਤਾਂ ਉਨ੍ਹਾਂ ਦਾ ਜੋ ਹਸ਼ਰ ਹੋਇਆ ਉਹ ਸਾਡੇ ਸਾਹਮਣੇ ਹੈ। ਭਗਵੰਤ ਮਾਨ ਵੀ ਬੇਅਦਬੀ ਮਸਲੇ ’ਤੇ ਬਰਗਾੜੀ ਪਹੁੰਚੇ ਸਨ। ਮਾਨ ਨੇ ਵੀ ਸੱਤਾ ਵਿਚ ਆਉਣ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਸੀ। ਜੇ ਉਹ ਭਰੋਸੇ ’ਤੇ ਖਰਾ ਨਹੀਂ ਉਤਰਦੇ ਤਾਂ ਉਨ੍ਹਾਂ ਨਾਲ ਉਹੋ ਕੁੱਝ ਹੀ ਹੋਵੇਗਾ ਜੋ ਕਾਂਗਰਸ ਤੇ ਅਕਾਲੀ ਦਲ ਨਾਲ ਹੋਇਆ ਹੈ।
PUNJAB




INDIA








WORLD










