ਕਾਂਗਰਸ ਦਾ ਅੰਦਰੂਨੀ ਕਲੇਸ਼ ਵੱਧਦਾ ਜਾ ਰਿਹਾ ਹੈ , ਸਾਬਕਾ ਉਪ ਮੁੱਖ ਮੰਤਰੀ ਅਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੀ ਹਾਰ ਲਈ ਜ਼ਿੰਮੇਵਾਰ ਦੱਸਿਆ ਹੈ। ਇਕ ਟੀਵੀ ਚੈਨਲ ਨਾਲ ਇੰਟਰਵਿਊ ਦੌਰਾਨ ਉਨ੍ਹਾਂ ਆਖਿਆ ਕਿ ਅਰਵਿੰਦ ਕੇਜਰੀਵਾਲ ਨੂੰ ਸਿੱਧੂ ਦਾ ਧੰਨਵਾਦ ਕਰਨਾ ਚਾਹੀਦਾ ਹੈ, ਜਿਸ ਨੇ ਕਾਂਗਰਸ ਦੇ ਫੱਟੇ ਹੀ ਚੱਕ ਦਿੱਤੇ ਹਨ।
ਸ੍ਰੀ ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਹਾਰ ਲਈ ਸਿੱਧੂ ਹੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਸਿੱਧੂ ਨੂੰ ਤੁਰਤ ਪ੍ਰਭਾਵ ਤੋਂ ਅਸਤੀਫਾ ਦੇਣਾ ਚਾਹੀਦਾ ਸੀ।
ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਨੇ ਸਿੱਧੂ ਨੂੰ ਬਾਹਰ ਦਾ ਰਸਤਾ ਨਾ ਦਿਖਾ ਕੇ ਗ਼ਲਤੀ ਕੀਤੀ ਹੈ। ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ, ‘‘ਪਾਰਟੀ ਨੂੰ ਭਾਵੇਂ ਕਿ ਨੁਕਸਾਨ ਕਿਉਂ ਨਾ ਝੱਲਣਾ ਪੈਂਦਾ, ਪਰ ਸਿੱਧੂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਸੀ।’’
ਰੰਧਾਵਾ ਨੇ ਆਖਿਆ ਕਿ ਅਸਲ ਵਿੱਚ ਸਿੱਧੂ ਕਦੇ ਵੀ ਕਾਂਗਰਸ ਦੇ ਨਹੀਂ ਹੋਏ ਕਿਉਂਕਿ ਉਨ੍ਹਾਂ ਦਾ ਸੀਨੀਅਰ ਆਗੂਆਂ ਨਾਲ ਵਰਤਾਰਾ ਅਤੇ ਨੀਵੇਂ ਪੱਧਰ ਦੀ ਬੋਲਬਾਣੀ ਕਾਰਨ ਜਿੱਥੇ ਕਾਂਗਰਸੀ ਆਗੂ ਖ਼ਫ਼ਾ ਸਨ, ਉੱਥੇ ਹੀ ਜ਼ਮੀਨੀ ਪੱਧਰ ’ਤੇ ਜੁੜੇ ਪਾਰਟੀ ਵਰਕਰ ਵੀ ਨਾਰਾਜ਼ ਸਨ।
ਉਨ੍ਹਾਂ ਹਲਕਾ ਧੂਰੀ ਦੇ ਇਕ ਮੰਚ ਦਾ ਹਵਾਲਾ ਵੀ ਦਿੱਤਾ, ਜਦੋਂ ਸਿੱਧੂ ਨੇ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਬਾਵਜੂਦ ਇਸ ਦੇ ਪਾਰਟੀ ਹਾਈਕਮਾਨ ਨੇ ਉਨ੍ਹਾਂ ਦੇ ਇਸ ਵਰਤਾਰੇ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਕਾਂਗਰਸੀ ਆਗੂ ਨੇ ਕਿਹਾ ਕਿ ਪਾਰਟੀ ਵਿੱਚ ਇੱਕਸੁਰਤਾ ਅਤੇ ਤਾਲਮੇਲ ਜ਼ਰੂਰੀ ਹੈ, ਪਰ ਸਿੱਧੂ ‘ਵਨ ਮੈਨ ਸ਼ੋਅ’ ਦਾ ਦਬਾਅ ਬਣਾਉਣ ’ਚ ਲੱਗਾ ਰਿਹਾ, ਜਿਸ ਦਾ ਨਤੀਜਾ ਪਾਰਟੀ ਅਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੈ।
PUNJAB




INDIA








WORLD










