ਪੰਜਾਬ ਦੇ ਜਿਲ੍ਹਾ ਬਠਿੰਡਾ ਦੇ ਥਾਣਾ ਨੇਹੀਆਂਵਾਲਾ ਦੀ ਪੁਲਿਸ ਅਤੇ ਸੀ ਆਈਏ ਸਟਾਫ 1 ਬਠਿੰਡਾ ਦੀ ਟੀਮ ਨੇ ਫਿਰੌਤੀਆਂ ਮੰੰਗਣ ਵਾਲੇ ਗਿਰੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ । ਇਸ ਸਬੰਧੀ ਪ੍ਰੈਸ ਨਾਲ ਗੱਲ ਕਰਦਿਆਂ ਡੀਐਸਪੀ ਹਰਿੰਦਰ ਸਿੰਘ ਡੋਡ ਨੇ ਦੱਸਿਆ ਫੜੇ ਗਏ ਦੋਸ਼ੀ ਗੋਨਿਆਣਾ ਮੰਡੀ, ਭੁੱਚੋ ਮੰਡੀ ਅਤੇ ਸ਼ਹਿਰ ਦੇ ਜਵੈਲਰਜ਼ ਮਾਲਕਾਂ ਤੋਂ ਫਿਰੌਤੀਆਂ ਮੰਗਦੇ ਸੀ । ਜਿੰਨਾ ਨੂੰ ਅੱਜ ਸੀਆਈਏ ਦੀ ਟੀਮ ਨੇ 2 ਦੋਸ਼ੀਆਂ ਨੂੰ ਸਮੇਤ ਮੋਟਰਸਾਈਕਲ ਗ੍ਰਿਫਤਾਰ ਕੀਤਾ ਹੈ ਜਦੋਂ ਕਿ ਇਨ੍ਹਾਂ ਦਾ ਤੀਜਾ ਸਾਥੀ ਗ੍ਰਿਫਤ ਤੋਂ ਬਾਹਰ ਹੈ। ਜਾਣਕਾਰੀ ਦਿੰਦਿਆਂ ਡੀ ਐਸ ਪੀ ਹਰਿੰਦਰ ਸਿੰਘ ਡੋਡ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਹਰਪ੍ਰੀਤ ਕੌਰ ਉਰਫ ਕਿਰਨ ਪਤਨੀ ਤਰਸੇਮ ਸਿੰਘ ਉਰਫ਼ ਸੇਮਾ ਵਾਸੀ ਪਿੰਡ ਨਿਉਰ ਹਾਲ ਆਬਾਦ ਗਲੀ ਨੰਬਰ 6 ਹਜੂਰਾ ਕਪੂਰਾ ਕਲੋਨੀ ਅਤੇ ਰਾਜਦੀਪ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਨਿਉਰ ਦੇ ਤੌਰ ਤੇ ਹੋਈ ਹੈ, ਜੋ ਮਾਂ-ਪੁੱਤ ਹਨ ਅਤੇ ਇਹ ਜਵੈਲਰੀ ਸ਼ਾਪ ਦੇ ਮਾਲਕਾਂ ਨੂੰ ਡਰਾ ਧਮਕਾ ਕੇ ਫਿਰੌਤੀ ਦੀ ਮੰਗ ਕਰਦੇ ਸਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕਥਿਤ ਦੋਸ਼ੀਆਂ ਨੇ ਮਿਤੀ 18 ਮਾਰਚ 22 ਨੂੰ ਸੁਖਵਿੰਦਰ ਸਿੰਘ ਉਰਫ਼ ਲੱਕੀ ਪੁੱਤਰ ਨਸੀਬ ਸਿੰਘ ਲੱਕੀ ਜਵੈਲਰਜ਼ ਗੋਨਿਆਣਾ ਮੰਡੀ ਤੋਂ ਪੈਸਿਆਂ ਦੀ ਮੰਗ ਕੀਤੀ ਸੀ ਤੇ ਉਸ ਨੇ ਡਰਦੇ ਮਾਰੇ 50 ਹਜ਼ਾਰ ਰੁਪਏ ਗੂਗਲ ਪੇ ਕਰਵਾ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਐੱਸਪੀ (ਡੀ) ਤਰੁਣ ਰਤਨ ਦੀਆਂ ਹਦਾਇਤਾਂ ਤੇ ਸੀਆਈਏ ਸਟਾਫ-1 ਦੇ ਇੰਚਾਰਜ ਤਰਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਨਾਕਾਬੰਦੀ ਕਰਕੇ ਮੁਕੱਦਮਾ ਨੰਬਰ 48 ਮਿਤੀ 19 ਮਾਰਚ 22 ਥਾਣਾ ਨੇਹੀਆਂਵਾਲਾ ਦਰਜ ਮੁਕੱਦਮੇ ਤਹਿਤ ਤਰਸੇਮ ਸਿੰਘ ਸੇਮਾ ਅਤੇ ਉਸਦੀ ਪਤਨੀ ਹਰਪ੍ਰੀਤ ਕੌਰ ਤੇ ਬੇਟੇ ਰਾਜਦੀਪ ਸਿੰਘ ਖ਼ਿਲਾਫ਼ ਪਰਚਾ ਦਰਜ ਕੀਤਾ ਸੀ।
ਇਸ ਮਾਮਲੇ ਵਿੱਚ ਹੁਣ ਦੋ ਕਥਿਤ ਦੋਸ਼ੀ ਹਰਪ੍ਰੀਤ ਕੌਰ ਅਤੇ ਰਾਜਦੀਪ ਸਿੰਘ ਨੂੰ 39500 ਰੁਪਏ ਕਰੰਸੀ ਅਤੇ ਮੋਟਰਸਾਈਕਲ ਨੰਬਰ ਪੀਬੀ 03 ਏਐੈੱਲ 2715 ਤਹਿਤ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ ਇਨ੍ਹਾਂ ਦਾ ਮੁੱਖ ਦੋਸ਼ੀ ਤਰਸੇਮ ਸਿੰਘ ਸੇਮੀ ਉਰਫ ਵਿੱਕੀ ਪੁਲੀਸ ਦੀ ਪਕੜ ਤੋਂ ਬਾਹਰ ਹੈ, ਜਿਸ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਏਗੀ ਕਿਉਂਕਿ ਇਨ੍ਹਾਂ ਵੱਲੋਂ ਕੀਤੀਆਂ ਹੋਰ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।