ਕੋਟਕਪੂਰਾ, 27 ਮਾਰਚ ( ਵਰਿੰਦਰਪਾਲ ਸਿੰਘ ) :- ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਵਲੋਂ ਮਿਲੀਭੁਗਤ ਨਾਲ ਪਿਛਲੇ 75 ਸਾਲਾਂ ਤੋਂ ਸਿਸਟਮ ਵਿੱਚ ਪਾਏ ਵਿਗਾੜ, ਭਿ੍ਸ਼ਟਾਚਾਰ ਦੀਆਂ ਜੜਾਂ ਕੀਤੀਆਂ ਮਜਬੂਤ ਅਤੇ ਪੰਜਾਬ ਨੂੰ ਲੁੱਟਣ ਵਾਲੀਆਂ ਸਮੱਸਿਆਵਾਂ ਵਿੱਚੋਂ ਲੋਕਾਂ ਨੂੰ ਕੱਢਣ ਲਈ ਕੁਝ ਸਮਾਂ ਜਰੂਰ ਲੱਗੇਗਾ ਪਰ ਇਕ ਸਾਲ ਬਾਅਦ ਪੰਜਾਬ ਵਾਸੀਆਂ ਨੂੰ ਆਪਣਾ ਸੂਬਾ ‘ਰੰਗਲਾ ਪੰਜਾਬ’ ਅਰਥਾਤ ਭਿ੍ਰਸ਼ਟਾਚਾਰ ਰਹਿਤ ਸਮਾਜ ਦੇਖਣ ਨੂੰ ਮਿਲੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦਾਅਵਾ ਕੀਤਾ ਕਿ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੀਆਂ ਨੀਤੀਆਂ ਦੇ ਬਿਲਕੁੱਲ ਉਲਟ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਭਿ੍ਰਸ਼ਟਾਚਾਰੀ ਬਾਬੂਆਂ ਖਿਲਾਫ ਸ਼ਿਕਾਇਤ ਕਰਨ ਲਈ ਜੋ ਨੰਬਰ ਜਾਰੀ ਕੀਤਾ ਹੈ, ਉਸਦੀ ਦੁਨੀਆਂ ਭਰ ਵਿੱਚ ਸ਼ਲਾਘਾ ਹੋ ਰਹੀ ਹੈ। ਸ੍ਰ ਸੰਧਵਾਂ ਨੇ ਆਖਿਆ ਕਿ ਕੁਦਰਤੀ ਆਫਤ ਨਾਲ ਨੁਕਸਾਨੀ ਫਸਲ ਦਾ ਮੁਆਵਜਾ ਪਹਿਲਾਂ ਅਤੇ ਗਿਰਦਾਵਰੀ ਬਾਅਦ ਵਿੱਚ ਕਰਵਾਉਣ ਦੇ ਐਲਾਨ ਰਵਾਇਤੀ ਪਾਰਟੀਆਂ ਨੂੰ ਹਜਮ ਨਹੀਂ ਹੋ ਰਹੇ ਪਰ ਕਿਸਾਨ ਵਰਗ ਉਕਤ ਫੈਸਲਿਆਂ ਪ੍ਰਤੀ ਸੰਤੁਸ਼ਟ ਦਿਖਾਈ ਦੇ ਰਿਹਾ ਹੈ। ਪ੍ਰੀਪੇਡ ਮੀਟਰਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸ੍ਰ ਸੰਧਵਾਂ ਨੇ ਆਖਿਆ ਕਿ ਭਾਵੇਂ ਕੇਂਦਰ ਸਰਕਾਰ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਪਰ ਪ੍ਰੀਪੇਡ ਮੀਟਰ ਲਾਉਣ ਸਬੰਧੀ ਕੋਈ ਵੀ ਫੈਸਲਾ ਲੋਕਾਂ ਦੀ ਸਹਿਮਤੀ ਨਾਲ ਲਿਆ ਜਾਵੇਗਾ। ਉਹਨਾਂ ‘ਇਕ ਵਿਧਾਇਕ ਇਕ ਪੈਨਸ਼ਨ’ ਦੇ ‘ਆਪ’ ਸਰਕਾਰ ਦੇ ਕੀਤੇ ਇਨਕਲਾਬੀ ਅਤੇ ਦਲੇਰਾਨਾ ਫੈਸਲੇ ਦਾ ਵਿਰੋਧ ਕਰਨ ਵਾਲੇ ਸਾਬਕਾ ਵਿਧਾਇਕਾਂ ਨੂੰ ਨਸੀਹਤ ਦਿੱਤੀ ਕਿ ਉਹ 75,000 ਰੁਪਿਆ ਮਹੀਨਾ ਪੈਨਸ਼ਨ ਨਾਲ ਗੁਜਾਰਾ ਨਾ ਹੋਣ ਦਾ ਦਾਅਵਾ ਕਰਨ ਤੋਂ ਪਹਿਲਾਂ, ਉਹਨਾਂ ਠੇਕੇ ਦੇ ਆਧਾਰ ’ਤੇ ਰੱਖੇ ਮੁਲਾਜਮਾਂ ਦਾ ਖਿਆਲ ਜਰੂਰ ਕਰਨ, ਜਿੰਨਾਂ ਨੂੰ ਲਗਾਤਾਰ 10 ਸਾਲ ਅਕਾਲੀ-ਭਾਜਪਾ ਗਠਜੋੜ ਸਰਕਾਰ ਅਤੇ 10 ਸਾਲ ਕਾਂਗਰਸ ਸਰਕਾਰਾਂ ਸਿਰਫ 7500 ਰੁਪਿਆ ਜਾਂ ਉਸ ਤੋਂ ਵੀ ਘੱਟ ਮਿਹਨਤਾਨਾ ਦੇ ਕੇ ਉਹਨਾਂ ਤੋਂ ਜਿਆਦਾ ਕੰਮ ਲੈਂਦੀਆਂ ਰਹੀਆਂ ਹਨ। ਕੁਲਤਾਰ ਸਿੰਘ ਸੰਧਵਾਂ ਨੇ ਅਗਾਮੀ ਦਿਨਾਂ ਵਿੱਚ ਭਿ੍ਰਸ਼ਟਾਚਾਰ ਦੇ ਨਾਲ-ਨਾਲ ਰੇਤ ਤਸਕਰੀ, ਨਸ਼ੇ ਸਮੇਤ ਹਰ ਤਰਾਂ ਦਾ ਮਾਫੀਆ ਖਤਮ ਕਰਨ ਦਾ ਵਾਅਦਾ ਵੀ ਦੁਹਰਾਇਆ।