ਪਤੀ ਪਤਨੀ ਦੇ ਰਿਸ਼ਤੇ ਨੂੰ ਤਾਰ ਤਾਰ ਕਰਨ ਵਾਲੀ ਸਤਨਾਮ ਕੌਰ ਨੇ ਆਪਣਾ ਨਾਜਾਇਜ਼ ਰਿਸ਼ਤਾ ਬਰਕਰਾਰ ਰੱਖਣ ਲਈ ਆਪਣੇ ਹੀ ਪਤੀ ਹਰਿੰਦਰ ਸਿੰਘ ਨੂੰ ਗੋਲੀਆਂ ਮਰਾ ਕੇ ਕਤਲ ਕਰਵਾ ਦਿੱਤਾ ।
ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਅੰਮ੍ਰਿਤਸਰ ਵਿੱਚ ਵਿਦੇਸ਼ ਤੋਂ ਆਏ ਹਰਿੰਦਰ ਸਿੰਘ ਨਾਮੀ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਤਲ ਦੀ ਗੁੱਥੀ 12 ਘੰਟਿਆਂ ਵਿੱਚ ਸੁਲਝਾ ਲਈ ਹੈ । ਪੁਲਿਸ ਨੇ ਦੱਸਿਆ ਕਿ ਹਰਿੰਦਰ ਸਿੰਘ ਦਾ ਕਤਲ ਕਰਵਾਉਣ ਵਾਲਾ ਕੋਈ ਹੋਰ ਨਹੀਂ ਉਸ ਦੀ ਜੀਵਨ ਸਾਥਣ ਹੀ ਹੈ ।, ਜਿਸ ਨੂੰ ਉਸ ਦੇ ਪ੍ਰੇਮੀ ਤੇ ਇੱਕ ਹੋਰ ਨੌਜਵਾਨ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਤਿੰਨੋਂ ਸਲਾਖਾਂ ਪਿੱਛੇ ਹਨ। ਇਹ ਕਤਲ ਨਾਜਾਇਜ਼ ਸਬੰਧਾਂ ਕਾਰਨ ਕੀਤਾ ਗਿਆ ਸੀ।
ਨਾਜਾਇਜ਼ ਸਬੰਧਾਂ ‘ਚ ਅੜਿੱਕਾ ਬਣ ਰਹੇ ਪਤੀ ਹਟਾਉਣ ਲਈ ਪਤਨੀ ਨੇ ਦੋਸਤ ਨਾਲ ਮਿਲ ਕੇ ਇੱਕ ਹੋਰ ਨੌਜਵਾਨ ਨੂੰ 2.70 ਲੱਖ ਰੁਪਏ ਦੀ ਸੁਪਾਰੀ ਦੇ ਦਿੱਤੀ। ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦੱਸਿਆ ਕਿ ਟੀਮ ਵੱਲੋਂ ਮਾਮਲੇ ਨੂੰ ਤਕਨੀਕੀ ਤੌਰ ’ਤੇ ਹੱਲ ਕਰ ਲਿਆ ਗਿਆ ਹੈ। ਮੁਲਜ਼ਮ ਪਤਨੀ ਸਤਨਾਮ ਕੌਰ, ਉਸਦਾ ਪ੍ਰੇਮੀ ਪਿੰਡ ਕਾਲੇ ਵਾਸੀ ਅਰਸ਼ਦੀਪ ਸਿੰਘ ਅਤੇ ਸਾਥੀ ਵਰਿੰਦਰ ਸਿੰਘ ਨੂੰ 12 ਘੰਟਿਆਂ ਵਿੱਚ ਹੀ ਕਾਬੂ ਕਰ ਲਿਆ ਗਿਆ।
ਸਤਨਾਮ ਕੌਰ ਅਤੇ ਅਰਸ਼ਦੀਪ ਸਿੰਘ ਨੇ NRI ਦਾ ਕਤਲ ਕਰਵਾਉਣ ਲਈ ਵਰਿੰਦਰ ਸਿੰਘ ਨੂੰ 2.70 ਲੱਖ ਰੁਪਏ ਦਿੱਤੇ ਸਨ। ਸਤਨਾਮ ਕੌਰ ਨੇ ਪਹਿਲਾਂ ਹੀ ਦੱਸਿਆ ਸੀ ਕਿ ਉਨ੍ਹਾਂ ਸਵੇਰੇ 3.30 ਵਜੇ ਹਰਿਮੰਦਰ ਸਾਹਿਬ ਜਾਣਾ ਸੀ। ਇਸ ਤੋਂ ਬਾਅਦ ਵਰਿੰਦਰ ਸਿੰਘ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੀਆਂ ਟੀਮਾਂ ਮਾਮਲੇ ਨੂੰ ਸੁਲਝਾਉਣ ‘ਚ ਜੁਟ ਗਈਆਂ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਨੇ ਪੂਰੀ ਯੋਜਨਾ ਨਾਲ ਕਤਲ ਨੂੰ ਲੁੱਟ ਦਾ ਰੂਪ ਦੇ ਦਿੱਤਾ। ਮ੍ਰਿਤਕ ਹਰਿੰਦਰ ਸਿੰਘ ਨੂੰ ਗੋਲੀ ਮਾਰਨ ਤੋਂ ਬਾਅਦ ਮੁਲਜ਼ਮਾਂ ਨੇ ਉਸ ਦਾ ਮੋਬਾਈਲ ਅਤੇ ਪਰਸ ਚੋਰੀ ਕਰ ਲਿਆ, ਜਿਸ ਨਾਲ ਇਹ ਸਾਰੀ ਘਟਨਾ ਲੁੱਟ ਦੀ ਵਾਰਦਾਤ ਜਾਪੇ। ਪਤਨੀ ਨੇ ਵੀ ਯੋਜਨਾ ਅਨੁਸਾਰ ਪੁਲਿਸ ਨੂੰ ਉਹੀ ਕਹਾਣੀ ਸੁਣਾਈ, ਪਰ ਇਹ ਚਾਲ ਬਹੁਤੀ ਦੇਰ ਕੰਮ ਨਾ ਆਈ।
ਪੁਲੀਸ ਨੇ ਜਦੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕੀਤੀ ਤਾਂ ਮੋਟਰਸਾਈਕਲ ਪਿੰਡ ਕਾਲੇ ਦਾ ਨਿਕਲਿਆ। ਪੁਲਿਸ ਨੇ ਪਹਿਲਾਂ ਹੀ ਸ਼ੱਕ ਦੇ ਆਧਾਰ ‘ਤੇ ਪਤਨੀ ਦੇ ਕਾਲ ਡਿਟੇਲ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਮਾਮਲਾ ਸਾਫ ਹੋਣ ਲੱਗਾ ਅਤੇ ਪੁਲਸ ਪਤਨੀ ਤੱਕ ਪਹੁੰਚ ਗਈ। ਜਦੋਂ ਪਤਨੀ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਬਾਕੀ ਦੋ ਮੁਲਜ਼ਮ ਵੀ ਪੁਲੀਸ ਦੀ ਗ੍ਰਿਫ਼ਤ ਵਿੱਚ ਆ ਗਏ।
ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਹਰਿੰਦਰ ਪਿਛਲੇ 10-12 ਸਾਲਾਂ ਤੋਂ ਦੁਬਈ ਵਿੱਚ ਰਹਿ ਰਿਹਾ ਸੀ। ਕਾਫੀ ਦੇਰ ਤੱਕ ਉਹ ਘਰ ਨਹੀਂ ਆਉਂਦਾ ਸੀ। ਇਸੇ ਦੌਰਾਨ ਪਤਨੀ ਦੇ ਅਰਸ਼ਦੀਪ ਸਿੰਘ ਨਾਲ ਸਬੰਧ ਬਣ ਗਏ। ਜਦੋਂ ਹਰਿੰਦਰ ਸਿੰਘ 12 ਦਿਨ ਪਹਿਲਾਂ ਅੰਮ੍ਰਿਤਸਰ ਆਇਆ ਤਾਂ ਉਸ ਨੂੰ ਆਪਣੀ ਪਤਨੀ ਦੀਆਂ ਹਰਕਤਾਂ ਬਾਰੇ ਪਤਾ ਲੱਗਾ। ਉਸ ਨੇ ਉਸ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਪੁਲੀਸ ਨੇ ਸਤਨਾਮ ਕੌਰ, ਅਰਸ਼ਦੀਪ ਸਿੰਘ ਅਤੇ ਵਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਤੋਂ ਬਾਅਦ ਵਾਰਦਾਤ ‘ਚ ਵਰਤਿਆ ਗਿਆ ਮੋਟਰਸਾਈਕਲ ਅਤੇ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
PUNJAB




INDIA








WORLD










