ਸਿੱਧੂ ਮੂਸੇਵਾਲਾ ਦੇ ਕਾਤਲਾਂ ਤੱਕ ਪੁੱਜਣ ਲਈ ਮਾਨਸਾ ਪੁਲਿਸ ਵੱਲੋਂ ਹੁਣ ਮਨਮੋਹਨ ਸਿੰਘ ਮੋਹਣਾ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸ ਵਿਅਕਤੀ ਨੂੰ ਮਾਨਸਾ ਦੀ ਜ਼ਿਲ੍ਹਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਇਸ ਦਾ ਪੰਜ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਮੋਹਣਾ ਨੇ ਜਨਵਰੀ-ਫਰਵਰੀ ਮਹੀਨਿਆਂ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਸੀ। ਮਾਨਸਾ ਦਾ ਹੋਣ ਕਾਰਨ ਉਸ ਨੂੰ ਰੇਕੀ ਦਾ ਕੰਮ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਹਮਲਾਵਰਾਂ ਨੂੰ ਸਾਰੀ ਜਾਣਕਾਰੀ ਦਿੱਤੀ ਸੀ। ਜਨਵਰੀ ਵਿਚ ਵੀ ਇਸ ਨੇ ਰੇਕੀ ਕਰਵਾਈ ਸੀ। ਚੋਣਾਂ ਸਮੇਂ ਮੂਸੇਵਾਲਾ ਦੀਆਂ ਰੈਲੀਆਂ ਤੇ ਲੋਕਾਂ ਨੂੰ ਮਿਲਣ ਦੀ ਸਾਰੀ ਜਾਣਕਾਰੀ ਅੱਗੇ ਦਿੱਤੀ ਗਈ ਸੀ।
ਪਰ ਇਸ ਸਮੇਂ ਮੂਸੇਵਾਲਾ ਨੂੰ ਸਖਤ ਸੁਰੱਖਿਆ ਦਿੱਤੀ ਗਈ ਸੀ। ਇਸ ਕਰਕੇ ਹਮਲਾਵਰ ਆਪਣੇ ਮਕਸਦ ਵਿਚ ਸਫਲ ਨਾ ਹੋ ਸਕੇ। ਚੋਣਾਂ ਵਿਚ ਮੂਸੇਵਾਲਾ ਦੀ ਹਾਰ ਤੇ ਸਰਕਾਰ ਵੱਲੋਂ ਸੁਰੱਖਿਆ ਘਟਾਉਣ ਪਿੱਛੋਂ ਹਮਲਾਵਰ ਫਿਰ ਸਰਗਰਮ ਹੋ ਗਏ।
ਉਧਰ, ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪ੍ਰੋਡਕਸ਼ਨ ਵਾਰੰਟ ’ਤੇ ਪੰਜਾਬ ਲਿਆਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੁੱਛ-ਪੜਤਾਲ ਦੌਰਾਨ ਵੱਡੇ ਖੁਲਾਸੇ ਕੀਤੇ ਹਨ। ਬਿਸ਼ਨੋਈ ਨੇ ਦੋ ਸ਼ੂਟਰਾਂ ਨੂੰ ਜਾਣਨ ਦੀ ਗੱਲ ਮੰਨੀ ਹੈ।
ਬੀਤੇ ਦਿਨੀਂ ਪੰਜਾਬ ਪੁਲਿਸ ਦੀ ਸਿੱਟ ਨੇ ਚਾਰ ਸ਼ੂਟਰਾਂ ਜਗਰੂਪ ਸਿੰਘ ਉਰਫ਼ ਰੂਪਾ ਵਾਸੀ ਅੰਮ੍ਰਿਤਸਰ, ਮੋਨੂੰ ਕੁੱਸਾ ਵਾਸੀ ਮੋਗਾ ਅਤੇ ਪ੍ਰਿਆਵਰਤ ਜੋਸ਼ੀ ਤੇ ਅੰਕਿਤ ਦੋਵੇਂ ਵਾਸੀ ਸੋਨੀਪਤ ਦੀ ਪਛਾਣ ਹੋਣ ਦਾ ਦਾਅਵਾ ਕੀਤਾ ਸੀ। ਇਨ੍ਹਾਂ ’ਚੋਂ ਰੂਪਾ ਤੇ ਕੁੱਸਾ ਨੂੰ ਲਾਰੈਂਸ ਬਿਸ਼ਨੋਈ ਜਾਣਦਾ ਹੈ ਅਤੇ ਇਹ ਦੋਵੇਂ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ।
ਲਾਰੈਂਸ ਅਨੁਸਾਰ ਵਿੱਕੀ ਮਿੱਡੂਖੇੜਾ ਦਾ ਕਤਲ ਸਿੱਧੂ ਮੂਸੇਵਾਲਾ ਦੇ ਮੈਨੇਜਰ ਜਸ਼ਨਪ੍ਰੀਤ ਸਿੰਘ ਨੇ ਮੁਖਬਰੀ ਕਰਕੇ ਕਰਵਾਇਆ ਸੀ। ਇਸ ਸਬੰਧੀ ਉਸ (ਲਾਰੈਂਸ) ਨੇ ਮੂਸੇਵਾਲਾ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਆਪਣੇ ਮੈਨੇਜਰ ਦਾ ਸਾਥ ਨਾ ਦੇਵੇ ਪਰ ਉਹ ਨਹੀਂ ਮੰਨਿਆ।
PUNJAB




INDIA








WORLD










