ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਨੇ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਡੱਟੇ ਰਹਿਣ ਦਾ ਕੀਤਾ ਪ੍ਰਣ
ਬਾਘਾਪੁਰਾਣਾ 29 ਸਤੰਬਰ (ਸ਼ਿਵਪ੍ਰੀਤ) : ਪੰਜਾਬ ਦੇ ਮੋਗਾ ਜ਼ਿਲ੍ਹਾ ਅੰਦਰ ਆਉਂਦੇ ਹਲਕਾ ਬਾਘਾਪੁਰਾਣਾ ਵਿੱਚ ਪੈਂਦੇ ਪਿੰਡ ਰੋਡੇ ਵਿਖੇ ਅੱਜ ਵਾਰਿਸ ਪੰਜਾਬ ਦੇ ਦੀ ਜਥੇਬੰਦੀ ਵੱਲੋਂ ਪਹਿਲੀ ਵਰ੍ਹੇਗੰਢ ਮਨਾਈ ਗਈ ਤੇ ਜਥੇਬੰਦੀ ਦੇ ਨਵੇਂ ਆਗੂ ਅੰਮ੍ਰਿਤਪਾਲ ਸਿੰਘ ਦੀ ਦਸਤਾਰ ਬੰਦੀ ਕੀਤੀ ਗਈ। ਦਮਦਮੀ ਟਕਸਾਲ ਦੇ 14 ਵੇਂ ਮੁੱਖੀ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜੱਦੀ ਪਿੰਡ ਰੋਡੇ ਵਿਖੇ ਅੱਜ ਸਿੱਖ ਕੌਮ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਲੋਕ ਹੁਮਹੁਮਾ ਕੇ ਪਹੁੰਚੇ। ਇਸ ਸਮਾਗਮ ਦੌਰਾਨ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੀ ਵਿਸ਼ੇਸ਼ ਤੌਰ ਪਹੁੰਚੇ ਤੇ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਆਖਿਆ ਕਿ “ਗੈਂਗਸਟਰ ਆਪਣਾ ਧੰਦਾ ਛੱਡਣ। ਉਹ ਸਾਡੀ ਮੁੱਖ ਧਾਰਾ ਵਿਚ ਸ਼ਾਮਲ ਹੋਣ। ਜਿਵੇਂ ਮੂਸੇਵਾਲਾ ਸਾਹਿਬ ਨੂੰ ਮਾਰਿਆ ਦੁੱਖ ਹੋਇਆ, ਜਿਵੇਂ ਤੁਹਾਨੂੰ ਸਰਕਾਰ ਫੜ ਕੇ ਮਾਰਦੀ ਹੈ, ਸਾਨੂੰ ਦੁੱਖ ਹੁੰਦਾ। ਤੁਸੀਂ ਭਰਾਵੋ ਵਾਪਸ ਆਓ, ਤੁਸੀਂ ਲੀਡਰ ਲੋਕ ਹੋ, ਅਗਵਾਈ ਦਿਓ, ਡਰ ਡਰ ਕੇ ਲੁੱਕ ਲੁੱਕ ਕੇ ਰਹਿਣਾ ਸਿੱਖਾਂ ਦਾ ਕੰਮ ਨਹੀਂ। ਇਸ ਮੌਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਭਤੀਜੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਅਤੇ ਸਿਮਰਨਜੀਤ ਸਿੰਘ ਮਾਨ ਤੇ ਹੋਰ ਸ਼ਖ਼ਸੀਅਤਾਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਦਸਤਾਰ ਬੰਦੀ ਕੀਤੀ ਗਈ। ਇਸ ਮੌਕੇ ਭਾਈ ਜਸਵੀਰ ਸਿੰਘ ਰੋਡੇ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਇਹ ਦਸਤਾਰ ਬੰਦੀ ਵਾਰਿਸ ਪੰਜਾਬ ਦੀ ਜਥੇਬੰਦੀ ਵੱਲੋਂ ਹੈ ਕਿਉਂਕਿ ਅੰਮ੍ਰਿਤਪਾਲ ਸਿੰਘ ਅੰਮ੍ਰਿਤ ਸ਼ੱਕ ਕੇ ਤਿਆਰ ਪੁਰਤਿਆਰ ਹੋਇਆ ਹੈ। ਵਾਰਿਸ ਪੰਜਾਬ ਦੀ ਸੇਵਾ ਸੰਭਾਲੀ ਹੈ। ਦਸਤਾਰ ਬੰਦੀ ਦੌਰਾਨ ਪਿੰਡਾਂ ਦੀਆਂ ਪੰਚਾਇਤਾਂ ਜੱਥੇਬੰਦੀਆਂ ਸਿੱਖ ਸੰਭਾਵਾਂ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੇ ਵੀ ਦਸਤਾਰਾਂ ਭੇਜੀਆਂ ਹਨ। ਇਸ ਮੌਕੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਛੋਟੀਆਂ ਛੋਟੀਆਂ ਗੱਲਾਂ ਨੂੰ ਭੁੱਲ ਕੇ ਇਕੱਠੇ ਹੋਈਏ। ਸਿੰਘ ਸਾਹਿਬ ਨੇ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਨੌਜਵਾਨਾਂ ਨੂੰ ਅੰਮ੍ਰਿਤ ਸ਼ੱਕਾਉਣਾਂ ਲਈ ਚਲਾਈ ਲਹਿਰ ਦੀ ਸ਼ਲਾਘਾ ਕੀਤੀ।ਇਸ ਮੌਕੇ ਵਾਰਿਸ ਪੰਜਾਬ ਦੇ ਨਵੇਂ ਥਾਪੇ ਆਗੂ ਅੰਮ੍ਰਿਤਪਾਲ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਸਿੱਖ ਨੂੰ ਆਖਿਆ ਹੈ ਜਿਹੜੇ ਲੋਕ ਇਥੇ ਆਏ ਹੈ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਗੁਲਾਮ ਹਾਂ ਕਿਉਂਕ ਜੇ ਕਿਸੇ ਨੂੰ ਇਹ ਲੱਗਦਾ ਹੈ ਅਸੀਂ ਅਜ਼ਾਦ ਹਾਂ ਉਹ ਕਿਸੇ ਡਾਕਟਰ ਤੋਂ ਇਲਾਜ ਕਰਵਾਉਣ। ਕਿਉਂਕਿ ਸਾਡੇ ਰੋਜ਼ ਛਿੱੱਤਰ ਨੇ ਪੈ ਰਹੇ ਹਨ । ਸਾਡੀਆਂ ਪੱਗਾਂ ਰੋਜ਼ ਰੁਲਦੀਆਂ ਹਨ , ਸਾਡੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਹਨ, ਇਸ ਕਰਕੇ ਅਸੀਂ ਗੁਲਾਮ ਹਾਂ। ਉਨ੍ਹਾਂ ਕਿਹਾ ਕਿ ਉਹ ਕੌਮ ਦੇ ਚੌਂਕੀਦਾਰ ਹਨ ਤੇ ਆਮ ਜਨਤਾ ਦੇ ਸੇਵਾਦਾਰ ਇਸ ਕਰਕੇ ਸਮੁੱਚੇ ਸਿੱਖ ਪੰਥ ਨੂੰ ਲਾਮਬੰਦ ਕਰਦੇ ਹਨ ਜੇਕਰ ਉਹ ਸਰਕਾਰ ਦੀ ਗੁਲਾਮੀ ਤੋਂ ਅਜ਼ਾਦ ਹੋਣਾ ਚਾਹੁੰਦੇ ਹਨ ਤਾਂ ਇੱਕਜੁਟ ਹੋਣਾ ਪਵੇਗਾ। ਇਸ ਮੌਕੇ ਅੰਮ੍ਰਿਤਪਾਲ ਸਿੰਘ ਨੇ ਸੰਗਤਾਂ ਨੂੰ ਗੁਰੂ ਦੇ ਲੜ੍ਹ ਲੱਗਣ ਲਈ ਕਿਹਾ ਅਤੇ ਪਿੰਡਾਂ ਵਿੱਚ ਗਰੁੱਪ ਬਣਾਉਣ ਤੇ ਨਸ਼ਿਆਂ ਵਰਗੀਆਂ ਇਲਾਮਤਾਂ ਨੂੰ ਦੂਰ ਕਰਨ ਸਬੰਧੀ ਇਕਜੁਟ ਹੋਣ ਲਈ ਕਿਹਾ। ਵੱਡੀ ਗੱਲ ਇਹ ਰਹੀ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਆਗੂ ਇਸ ਇਕੱਠ ਵਿੱਚ ਨਜ਼ਰ ਨਹੀਂ ਆਏ ਜਦੋਂ ਕਿ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਇਸ ਸਮਾਗਮ ਵਿੱਚ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕਰਦੇ ਦਿਖਾਈ ਦਿੱਤੇ।