ਡੇਰਾ ਸਿਰਸਾ ਦੀ ਇੱਕ ਬ੍ਰਾਂਚ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸਿਰਸਾ ਦੇ ਕਲਾਂਵਾਲੀ ਦੇ ਪਿੰਡ ਜਗਮਾਵਾਲੀ ਦੇ ਡੇਰੇ ਵਿੱਚ ਅੱਜ ਸਵੇਰੇ ਗੋਲੀ ਚੱਲ ਗਈ। ਦਰਅਸਲ ਇਸ ਡੇਰੇ ਦੀ ਗੱਦੀ ‘ਤੇ ਸੰਤ ਵਕੀਲ ਸਾਹਿਬ ਸਵਾਰ ਸਨ। ਅੱਜ ਅਚਾਨਕ ਉਹਨਾਂ ਦੀ ਮੌਤ ਹੋ ਜਾਂਦੀ ਹੈ। ਜਿਸ ਤੋਂ ਬਾਅਦ ਜਦੋਂ ਉਹਨਾਂ ਦਾ ਮ੍ਰਿਤਕ ਸਰੀਰ ਡੇਰੇ ‘ਚ ਲਿਆਂਦਾ ਗਿਆ ਤਾਂ ਗੱਦੀ ਨੂੰ ਲੈ ਕੇ ਹੰਗਾਮ ਹੋ ਗਿਆ।
ਮ੍ਰਿਤਕ ਸੰਤ ਵਕੀਲ ਸਾਹਿਬ ਦਾ ਡਰਾਈਵਰ ਵੀਰੇਂਦਰ ਆਪਣੇ ਆਪ ਨੂੰ ਇਸ ਗੱਦੀ ਦਾ ਵਾਰਸ ਦੱਸਣ ਲੱਗ ਪਿਆ ਸੀ ਅਤੇ ਜ਼ਬਰਦਸਤੀ ਗੱਦੀ ‘ਤੇ ਬੈਠਣ ਲੱਗਾ ਤਾਂ ਡੇਰੇ ‘ਚ ਮੌਜੂਦ ਸੰਗਤਾਂ ਅਤੇ ਪ੍ਰਬੰਧਕਾਂ ਨੇ ਉਸ ਦਾ ਕੁਟਾਪਾ ਚਾੜ੍ਹ ਦਿੱਤਾ। ਇਸ ਹੰਗਾਮੇ ਦੌਰਾਨ ਭੀੜ ਵਿਚੋਂ ਕਿਸੇ ਅਣਪਛਾਤੇ ਨੇ ਗੋਲੀ ਚਲਾ ਦਿੱਤੀ।
ਜਿਸ ਤੋਂ ਬਾਅਦ ਪੁਲਿਸ ਨੂੰ ਮੌਕੇ ‘ਤੇ ਬੁਲਾਇਆ ਗਿਆ। ਵੱਡੀ ਗਿਣਤੀ ਵਿੱਚ ਪੁਲਿਸ ਇਸ ਡੇਰੇ ਦੇ ਅੰਦਰ ਅਤੇ ਬਾਹਰ ਤਾਇਨਾਤ ਕਰ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਡੇਰੇ ਨਾਲ ਜੁੜੀ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਸੰਗਤ ਆਉਣੀ ਵੀ ਸ਼ੁਰੂ ਹੋ ਗਈ ਹੈ।