ਆਮ ਆਦਮੀ ਪਾਰਟੀ ਨੂੰ ਦਿੱਲੀ ਵਿੱਚ ਝਟਕਾ, ਮੌਜੂਦਾ ਵਿਧਾਇਕ ਆਪ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਵਿਚ ਗਠਜੋੜ ਦੀਆਂ ਗੱਲਾਂ ਵਿਚਾਲੇ ਕਾਂਗਰਸ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ। ‘ਆਪ’ ਵਿਧਾਇਕ ਅਤੇ ਸਾਬਕਾ ਮੰਤਰੀ ਰਾਜੇਂਦਰ ਪਾਲ ਗੌਤਮ ਅੱਜ ਕਾਂਗਰਸ ‘ਚ ਸ਼ਾਮਲ ਹੋ ਗਏ ਹਨ।
ਦੱਸ ਦਈਏ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਗਠਜੋੜ ਨੂੰ ਲੈ ਕੇ ‘ਆਪ’ ਅਤੇ ਕਾਂਗਰਸ ਵਿਚਾਲੇ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਸੂਤਰਾਂ ਨੇ ਦੱਸਿਆ ਕਿ ‘ਆਪ’ 90 ਵਿਚੋਂ 10 ਸੀਟਾਂ ਦੀ ਮੰਗ ਕਰ ਰਹੀ ਹੈ। ਜਦਕਿ ਕਾਂਗਰਸ ਇਸ ਲਈ ਤਿਆਰ ਨਹੀਂ ਹੈ। ਪਾਰਟੀ ‘ਆਪ’ ਨੂੰ 5 ਤੋਂ ਵੱਧ ਸੀਟਾਂ ਦੇਣ ਲਈ ਤਿਆਰ ਨਹੀਂ ਹੈ।
ਰਾਜੇਂਦਰ ਪਾਲ ਗੌਤਮ ਇੱਕ ਦਲਿਤ ਕਾਰਕੁਨ ਅਤੇ ਵਕੀਲ ਹੋਣ ਦੇ ਨਾਲ-ਨਾਲ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਸੀਮਾਪੁਰੀ ਸੀਟ ਤੋਂ ਭਾਜਪਾ ਨੇਤਾ ਨੂੰ 48,821 ਵੋਟਾਂ ਨਾਲ ਹਰਾਇਆ ਸੀ। 2020 ਦੀਆਂ ਚੋਣਾਂ ਵਿੱਚ ਉਨ੍ਹਾਂ ਨੇ ਲੋਜਪਾ ਉਮੀਦਵਾਰ ਸੰਤ ਲਾਲ ਨੂੰ ਹਰਾਇਆ ਸੀ।
ਰਾਜਿੰਦਰ ਪਾਲ ਗੌਤਮ 2014 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਰਾਜੇਂਦਰ ਗੌਤਮ ਦਿੱਲੀ ਯੂਨੀਵਰਸਿਟੀ ਤੋਂ ਲਾਅ ਗ੍ਰੈਜੂਏਟ ਹਨ। ਉਨ੍ਹਾਂ ਨੇ ਲੇਬਰ ਲਾਅ ਵਿੱਚ ਡਿਪਲੋਮਾ ਅਤੇ ਮਨੁੱਖੀ ਸਰੋਤ ਪ੍ਰਬੰਧਨ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਕੀਤਾ ਹੈ।
ਰਾਜੇਂਦਰ ਗੌਤਮ ਨੇ 9 ਅਕਤੂਬਰ 2022 ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਦਰਅਸਲ, ਧਰਮ ਪਰਿਵਰਤਨ ਪ੍ਰੋਗਰਾਮ ‘ਚ ਉਨ੍ਹਾਂ ਦੇ ਬਿਆਨ ਤੋਂ ਬਾਅਦ ਹੰਗਾਮਾ ਹੋ ਗਿਆ ਸੀ। ਭਾਜਪਾ ਨੇ ਉਨ੍ਹਾਂ ਦੇ ਬਿਆਨ ਨੂੰ ‘ਹਿੰਦੂ ਵਿਰੋਧੀ’ ਕਰਾਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਪਾਰਟੀ ਤੋਂ ਹਟਾਉਣ ਦੀ ਮੰਗ ਕੀਤੀ ਸੀ।ਰਾਜੇਂਦਰ ਪਾਲ ਗੌਤਮ ਦੇ ਬਿਆਨ ਦੀ ਆੜ ‘ਚ ਭਾਜਪਾ ਨੇ ਸੀਐੱਮ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਸੀ।