ਅਮਰੀਕਾ ਤੋਂ ਕੱਢੇ ਹੋਏ 205 ਵਿਅਕਤੀਆਂ ਵਿੱਚੋਂ 104 ਵਿਅਕਤੀਆਂ ਨੂੰ ਪੰਜਾਬ ਦੇ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਉਤਰਿਆ। ਮਿਲੀ ਜਾਣਕਾਰੀ ਮੁਤਾਬਕ ਜਹਾਜ਼ ਵਿਚ ਕੁੱਲ 205 ਭਾਰਤੀ ਸਵਾਰ ਦੱਸੇ ਜਾਂਦੇ ਹਨ। ਸੂਤਰਾਂ ਮੁਤਾਬਕ ਇਨ੍ਹਾਂ ਵਿਚੋਂ 104 ਜਣਿਆਂ ਨੂੰ ਅੰਮ੍ਰਿਤਸਰ ਵਿਚ ਉਤਾਰੇ ਜਾਣ ਦੀਆਂ ਰਿਪੋਰਟਾਂ ਹਨ। ਇਨ੍ਹਾਂ 104 ਵਿਅਕਤੀਆਂ ਵਿਚ 30 ਪੰਜਾਬ, 33 ਹਰਿਆਣਾ, 33 ਗੁਜਰਾਤ, 2 ਯੂਪੀ, 3 ਮਹਾਰਾਸ਼ਟਰ ਤੇ ਦੋ ਚੰਡੀਗੜ੍ਹ ਨਾਲ ਸਬੰਧਤ ਹਨ।
ਇਨ੍ਹਾਂ ਸਾਰਿਆਂ ਨੂੰ ਮੰਗਲਵਾਰ ਨੂੰ ਟੈਕਸਸ ਦੇ ਸਾਂ ਐਨਟੋਨੀਓ ਤੋਂ ਸੀ-17 ਜਹਾਜ਼ ਰਾਹੀਂ ਭਾਰਤ ਡਿਪੋਰਟ ਕੀਤਾ ਗਿਆ ਸੀ। ਬਾਕੀ ਬਚਦੇ 101 ਗੈਰਕਾਨੂੰਨੀ ਪਰਵਾਸੀਆਂ ਦੀ ਸ਼ਨਾਖਤ ਨੂੰ ਲੈ ਕੇ ਭੰਬਲਭੂਸਾ ਬਰਕਰਾਰ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਚ ਉਤਾਰੇ ਗਏ 104 ਭਾਰਤੀਆਂ ਦੇ ਪਹਿਲਾਂ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ। ਜੇ ਇਨ੍ਹਾਂ ਵਿਚੋਂ ਕਿਸੇ ਦਾ ਅਪਰਾਧਿਕ ਰਿਕਾਰਡ ਮਿਲਦਾ ਹੈ ਤਾਂ ਉਸ ਨੂੰ ਰੋਕ ਕੇ ਬਾਕੀਆਂ ਨੂੰ ਉਨ੍ਹਾਂ ਦੇ ਸਬੰਧਤ ਰਾਜਾਂ ਜਾਂ ਜ਼ਿਲ੍ਹਿਆਂ ਲਈ ਰਵਾਨਾ ਕਰ ਦਿੱਤਾ ਜਾਵੇਗਾ। ਪੰਜਾਬ ਨਾਲ ਸਬੰਧਤ ਪਰਵਾਸੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਭੇਜਣ ਲਈ ਸਬੰਧਤ ਜ਼ਿਲ੍ਹਿਆਂ ਤੋਂ ਵਾਹਨਾਂ ਦਾ ਵਿਸ਼ੇਸ਼ ਤੌਰ ’ਤੇ ਪ੍ਰਬੰਧ ਕੀਤਾ ਗਿਆ ਹੈ।
ਡਿਪੋਰਟ ਕੀਤੇ 30 ਪੰਜਾਬੀ ਹੇਠ ਲਿਖੇ ਜ਼ਿਲ੍ਹਿਆਂ ਨਾਲ ਸਬੰਧਤ ਹਨ:-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਲੇ ਹਫ਼ਤੇ ਵਾਸ਼ਿੰਗਟਨ ਫੇਰੀ ਤੋਂ ਪਹਿਲਾਂ ਅਮਰੀਕਾ ਵੱਲੋੋਂ ਡਿਪੋਰਟ ਕੀਤਾ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਦਾ ਇਹ ਪਹਿਲਾ ਬੈਚ ਹੈ। ਚੇਤੇ ਰਹੇ ਕਿ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਨਵੀਂ ਦਿੱਲੀ ਅਮਰੀਕਾ ਸਣੇ ਹੋਰਨਾਂ ਮੁਲਕਾਂ ਵਿਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਣ ਦੇ ਵਿਚਾਰ ਦੀ ਵਕਾਲਤ ਕਰਦਾ ਹੈ। ਇਕ ਅੰਦਾਜ਼ੇ ਮੁਤਾਬਕ ਅਮਰੀਕਾ ਵਿਚ 7.25 ਲੱਖ ਗੈਰਕਾਨੂੰਨੀ ਭਾਰਤੀ ਪਰਵਾਸੀ ਰਹਿ ਰਹੇ ਹਨ। ਅਮਰੀਕਾ ਵਿਚ ਜਿਨ੍ਹਾਂ ਭਾਰਤੀਆਂ ਦੇ ਸਿਰ ’ਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ, ਉਨ੍ਹਾਂ ਵਿਚੋਂ ਬਹੁਤੇ ‘ਡੰਕੀ ਰੂਟ’ ਰਾਹੀਂ ਜਾਂ ਗੈਰਕਾਨੂੰਨੀ ਤਰੀਕੇ ਨਾਲ ਲੱਖਾਂ ਰੁਪਏ ਖਰਚ ਕੇ ਅਮਰੀਕਾ ਦਾਖ਼ਲ ਹੋਏ ਸਨ।
ਜਾਣਕਾਰੀ ਅਨੁਸਾਰ ਹਵਾਈ ਜਹਾਜ਼ ਵਿਚ 200 ਤੋਂ ਵੱਧ ਭਾਰਤੀ ਸਵਾਰ ਹਨ। ਇਨ੍ਹਾਂ ਵਿਚ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੇ ਅਜਿਹੇ ਭਾਰਤੀ ਸ਼ਾਮਿਲ ਹਨ ਜੋ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਸਨ ਜਾਂ ਉੱਥੇ ਗੈਰ ਕਾਨੂੰਨੀ ਢੰਗ ਨਾਲ ਪੁੱਜੇ ਸਨ ਅਤੇ ਉਨ੍ਹਾਂ ਕੋਲ ਲੋੜੀਦੇ ਦਸਤਾਵੇਜ਼ ਨਹੀਂ ਸਨ। ਇਨ੍ਹਾਂ ਦੀ ਆਮਦ ਨੂੰ ਲੈ ਕੇ ਇੱਥੇ ਪ੍ਰਸ਼ਾਸਨ ਵੱਲੋਂ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਇਮੀਗ੍ਰੇਸ਼ਨ ਵਿਭਾਗ ,ਖੁਫੀਆ ਤੰਤਰ ਵਿਭਾਗ ,ਹਵਾਈ ਅੱਡਾ ਪ੍ਰਬੰਧਕ ਪੁਲੀਸ ਪ੍ਰਸ਼ਾਸਨ ਅੱਜ ਸਾਰੇ ਹੀ ਸਰਗਰਮ ਹਨ।
ਅਮਰੀਕੀ ਹਵਾਈ ਜਹਾਜ਼ ਦੇ ਇੱਥੇ ਪਹੁੰਚਣ ਮਗਰੋਂ ਵਾਪਸ ਭੇਜੇ ਗਏ ਭਾਰਤੀਆਂ ਦੀ ਦਸਤਾਵੇਜ਼ਾਂ ਦੀ ਜਾਂਚ ਹੋਵੇਗੀ, ਸ਼ਨਾਖਤ ਦੀ ਜਾਂਚ ਹੋਵੇਗੀ ਅਤੇ ਇਨ੍ਹਾਂ ਵਿੱਚੋਂ ਅਪਰਾਧਕ ਪਿਛੋਕੜ ਵਾਲੇ ਵਿਅਕਤੀ ਦੀ ਵੀ ਸ਼ਨਾਖਤ ਕੀਤੀ ਜਾਵੇਗੀ। ਇਮੀਗ੍ਰੇਸ਼ਨ ਵਿਭਾਗ ਵੱਲੋਂ ਆਪਣੀ ਦਸਤਾਵੇਜ਼ੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਇਨ੍ਹਾਂ ਨੂੰ ਅਗਲੇਰੀ ਕਾਰਵਾਈ ਵਾਸਤੇ ਸਥਾਨਕ ਪੁਲੀਸ ਪ੍ਰਸ਼ਾਸਨ ਕੋਲ ਸੌਂਪਿਆ ਜਾਵੇਗਾ ਅਤੇ ਪੁਲੀਸ ਵੱਲੋਂ ਇਨ੍ਹਾਂ ਦੀ ਜਾਂਚ ਸਬੰਧੀ ਕਾਰਜ ਨੂੰ ਮੁਕੰਮਲ ਕਰਨ ਤੋਂ ਬਾਅਦ ਵੱਖ-ਵੱਖ ਸੂਬਿਆਂ ਲਈ ਭੇਜਿਆ ਜਾਵੇਗਾ।ਜਾਣਕਾਰੀ ਮੁਤਾਬਕ ਪੁਲੀਸ ਪ੍ਰਸ਼ਾਸਨ ਵੱਲੋਂ ਕੁਝ ਅਜਿਹੇ ਲੁੜੀਂਦੇ ਅਪਰਾਧਕ ਪਿਛੋਕੜ ਵਾਲੇ ਵਿਅਕਤੀਆਂ ਦੀ ਸੂਚੀ ਵੀ ਤਿਆਰ ਕੀਤੀ ਗਈ ਹੈ ਜੋ ਵਿਦੇਸ਼ਾਂ ਵਿੱਚ ਸਨ ਅਤੇ ਇਨ੍ਹਾਂ ਡਿਪੋਰਟ ਕੀਤੇ ਵਿਅਕਤੀਆਂ ਵਿੱਚ ਸ਼ਾਮਲ ਹੋ ਸਕਦੇ ਹਨ।