ਨਵੀਂ ਦਿੱਲੀ 24 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਕੁਝ ਦਿਨ ਪਹਿਲਾਂ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਅਸਤੀਫ਼ਾ ਦੇ ਕੇ ਪੰਥਕ ਵੇਹੜੇ ਅੰਦਰ ਹਲਚਲ ਮਚਾ ਦਿੱਤੀ ਸੀ । ਇਸ ਬਾਰੇ ਗੱਲ ਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮਹਿਲਾ ਵਿੰਗ ਦੇ ਮੁੱਖੀ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਐਡਵੋਕੇਟ ਧਾਮੀ ਬਹੁਤ ਹੀ ਸੁਲਝੇ ਹੋਏ ਇਨਸਾਨ ਹਨ ਤੇ ਉਨ੍ਹਾਂ ਨੇ ਜਦੋ ਤੋਂ ਐਸਜੀਪੀਸੀ ਦੀ ਕਮਾਨ ਆਪਣੇ ਹੱਥਾਂ ਅੰਦਰ ਲਈ ਹੈ, ਬਹੁਤ ਹੀ ਸੁਚੱਜੇ ਢੰਗ ਨਾਲ ਇਸ ਦੀ ਸਾਰ ਸੰਭਾਲ ਕਰ ਰਹੇ ਸਨ । ਇੰਨ੍ਹਾ ਦੀ ਸਰਪ੍ਰਸਤੀ ਹੇਠ ਐਸਜੀਪੀਸੀ ਅਧੀਨ ਸਮੂਹ ਗੁਰੂਘਰ, ਸਕੂਲ, ਕਾਲਜ ਅਤੇ ਹੋਰ ਬਹੁਤ ਸਾਰੇ ਅਦਾਰੇ ਤਰੱਕੀਆਂ ਤੇ ਰਹੇ ਹਨ । ਉਨ੍ਹਾਂ ਭਾਈ ਧਾਮੀ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋ ਜਦੋ ਜੱਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਵੀ ਕਹਿ ਰਹੇ ਹਨ ਕਿ ਉਨ੍ਹਾਂ ਸੋਸ਼ਲ ਮੀਡੀਆ ਤੇ ਜੋ ਵਿਚਾਰ ਲਿਖੇ ਸਨ ਓਹ ਕਿਸੇ ਨੂੰ ਅਸਤੀਫ਼ਾ ਦੇਣ ਲਈ ਨਹੀਂ ਸਗੋਂ ਮੇਰੇ ਦਿਲ ਦੀ ਆਵਾਜ਼ ਸੀ, ਅਤੇ ਉਨ੍ਹਾਂ ਵਲੋਂ ਵੀ ਐਡਵੋਕੇਟ ਧਾਮੀ ਜੀ ਨੂੰ ਅਸਤੀਫ਼ਾ ਵਾਪਿਸ ਲੈ ਕੇ ਐਸਜੀਪੀਸੀ ਦੀਆਂ ਸੇਵਾਵਾਂ ਜਾਰੀ ਰੱਖਣ ਦੀ ਅਪੀਲ ਕੀਤੀ ਗਈ ਸੀ ਤੇ ਅਸੀਂ ਵੀ ਉਨ੍ਹਾਂ ਨੂੰ ਐਸਜੀਪੀਸੀ ਲਈ ਆਪਣੀਆਂ ਸੇਵਾਵਾਂ ਜਾਰੀ ਰੱਖਣ ਲਈ ਬੇਨਤੀ ਕਰਦੇ ਹਾਂ ।