ਕੈਨੇਡਾ ਵਿੱਚ ਚੋਣਾਂ ਦਾ ਬਿਗਲ ਵੱਜ ਗਿਆ ਹੈ। ਇਸ ਸਬੰਧੀ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 28 ਅਪ੍ਰੈਲ ਨੂੰ ਸੰਸਦੀ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਕਾਰਨੀ ਨੇ ਓਟਾਵਾ ਵਿੱਚ ਸੰਸਦ ਭੰਗ ਕਰਨ ਦੀ ਬੇਨਤੀ ਕਰਨ ਲਈ ਗਵਰਨਰ ਜਨਰਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਅਸੀਂ ਰਾਸ਼ਟਰਪਤੀ ਟਰੰਪ ਦੀਆਂ ਗੈਰ-ਵਾਜਬ ਵਪਾਰਕ ਕਾਰਵਾਈਆਂ ਕਾਰਨ ਆਪਣੇ ਜੀਵਨ ਕਾਲ ਦੇ ਸਭ ਤੋਂ ਡੂੰਘੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ।
ਉਨ੍ਹਾਂ ਕਿਹਾ, ‘‘ਮੈਂ ਕੈਨੇਡੀਅਨ ਨੂੰ ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ ਨਾਲ ਨਜਿੱਠਣ ਅਤੇ ਇੱਕ ਨਵੀਂ ਕੈਨੇਡੀਅਨ ਅਰਥਵਿਵਸਥਾ ਬਣਾਉਣ ਲਈ ਇੱਕ ਮਜ਼ਬੂਤ, ਸਕਾਰਾਤਮਕ ਫ਼ਤਵਾ ਦੇਣ ਲੋੜ ਹੈ, ਜੋ ਹਰ ਕਿਸੇ ਲਈ ਕੰਮ ਕਰੇ। ਮੈਨੂੰ ਪਤਾ ਹੈ ਕਿ ਸਾਨੂੰ ਬਦਲਾਅ ਦੀ ਲੋੜ ਹੈ- ਵੱਡਾ ਬਦਲਾਅ, ਸਕਾਰਾਤਮਿਕ ਬਦਲਾਅ।’’
ਜ਼ਿਕਰਯੋਗ ਹੈ ਕਿ ਪਹਿਲਾਂ ਇਹ ਚੋਣ 20 ਅਕਤੂਬਰ ਤੱਕ ਹੋਣੀ ਸੀ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਕਾਰਨੀ ਉਮੀਦ ਕਰ ਰਹੇ ਹਨ ਕਿ ਜਲਦੀ ਵੋਟਿੰਗ ਉਨ੍ਹਾਂ ਦੀ ਲਿਬਰਲ ਪਾਰਟੀ ਨੂੰ ਲਾਭ ਪਹੁੰਚਾਏਗੀ। ਤਾਜ਼ਾ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਲਿਬਰਲਾਂ ਨੂੰ 37.8 ਫੀਸਦ ਸਮਰਥਨ ਮਿਲਿਆਂ, ਜੋ ਕੰਜ਼ਰਵੇਟਿਵਾਂ ਤੋਂ ਕੁਝ ਹੀ ਫੀਸਦ (37.2%) ਅੱਗੇ ਹਨ।
ਸੰਸਦ ਵਿੱਚ ਪੰਜ ਨਵੀਂਆਂ ਸੀਟਾਂ ਦੇ ਵਾਧੇ ਨਾਲ ਸੀਟਾਂ ਦੀ ਕੁੱਲ ਗਿਣਤੀ 343 ਸੀਟਾਂ ਕਰ ਦਿੱਤੀਆਂ ਗਈਆਂ ਹਨ। ਲਿਬਰਲ ਪਾਰਟੀ ਨੇ ਪੁਸ਼ਟੀ ਕੀਤੀ ਕਿ ਕਾਰਨੀ ਨੇਪੀਅਨ ਦੇ ਓਟਾਵਾ ਰਾਈਡਿੰਗ ਵਿਚ ਹਾਊਸ ਆਫ਼ ਕਾਮਨਜ਼ ਦੀ ਸੀਟ ਲਈ ਚੋਣ ਲੜਨਗੇ, ਜਿਸ ’ਤੇ ਪਿਛਲੇ ਇਕ ਦਹਾਕੇ ਤੋਂ ਲਿਬਰਲ ਸੰਸਦ ਮੈਂਬਰ ਚੰਦਰ ਆਰੀਆ ਦਾ ਕਬਜ਼ਾ ਹੈ। ਆਰੀਆ ਨੂੰ ਦੋ ਮਹੀਨੇ ਪਹਿਲਾਂ ਦੱਸਿਆ ਗਿਆ ਸੀ ਕਿ ਪਾਰਟੀ ਦੀ ਲੀਡਰਸ਼ਿਪ ਲਈ ਉਨ੍ਹਾਂ ਦੀ ਉਮੀਦਵਾਰੀ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਪਿਛਲੇ ਹਫ਼ਤੇ ਉਨ੍ਹਾਂ ਨਾਮਜ਼ਦਗੀ ਰੱਦ ਕਰ ਦਿੱਤੀ ਗਈ।