ਭਾਰਤ ਵਿੱਚ ਪੈਂਦੇ ਗੁਜਰਾਤ ਦੇ ਅਹਿਮਦਾਬਾਦ ਏਅਰਪੋਰਟ ਤੋਂ ਉੱਡੇ ਏਅਰ ਇੰਡੀਆ ਦਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਏਅਰ ਇੰਡੀਆ ਦਾ ਜਹਾਜ਼ ਅਹਿਮਦਾਬਾਦ ਤੋਂ ਲੰਡਨ ਲਈ 242 ਲੋਕਾਂ ਨੂੰ ਲੈਕੇ ਰਵਾਨਾ ਹੋਇਆ ਸੀ। ਪਰ ਜਹਾਜ਼ ਥੋੜ੍ਹੇ ਸਮੇਂ ਵਿੱਚ ਹੀ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਹੈ।
ਇਸ ਦੌਰਾਨ, ਜਹਾਜ਼ ਹਾਦਸੇ ਬਾਰੇ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਹਾਦਸੇ ਤੋਂ ਠੀਕ ਪਹਿਲਾਂ, ਜਹਾਜ਼ ਦੇ ਪਾਇਲਟ ਨੇ ਨੇੜਲੇ ਏਟੀਸੀ ਨੂੰ ਇੱਕ ਸਿਗਨਲ ਭੇਜਿਆ, ਜੋ ਖ਼ਤਰੇ ਦਾ ਸੰਕੇਤ ਦੇ ਰਿਹਾ ਸੀ ਅਤੇ ਇਸ ਤੋਂ ਕੁਝ ਪਲਾਂ ਬਾਅਦ ਜਹਾਜ਼ ਹਾਦਸਾਗ੍ਰਸਤ ਹੋ ਗਿਆ।
ਡੀਜੀਸੀਏ ਨੇ ਜਹਾਜ਼ ਹਾਦਸੇ ਤੋਂ ਬਾਅਦ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਇਸ ਅਨੁਸਾਰ, 12 ਜੂਨ, 2025 ਨੂੰ, ਏਅਰ ਇੰਡੀਆ ਦਾ ਬੀ787 ਜਹਾਜ਼ ਜੋ ਅਹਿਮਦਾਬਾਦ ਤੋਂ ਗੈਟਵਿਕ ਜਾ ਰਿਹਾ ਸੀ (AI-171) ਟੇਕਆਫ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਵਿੱਚ ਕੁੱਲ 242 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 2 ਪਾਇਲਟ ਅਤੇ 10 ਕੈਬਿਨ ਕਰੂ ਸ਼ਾਮਲ ਸਨ। ਇਸ ਜਹਾਜ਼ ਨੂੰ ਕੈਪਟਨ ਸੁਮਿਤ ਸੱਭਰਵਾਲ ਉਡਾ ਰਹੇ ਸਨ, ਜਦੋਂ ਕਿ ਫਸਟ ਅਫਸਰ ਕਲਾਈਵ ਕੁੰਦਰ ਉਨ੍ਹਾਂ ਦੇ ਨਾਲ ਸਨ। ਸੁਮਿਤ ਸੱਭਰਵਾਲ ਕੋਲ 8200 ਘੰਟੇ ਉਡਾਣ ਦਾ ਤਜਰਬਾ ਸੀ, ਜਦੋਂ ਕਿ ਕਲਾਈਵ ਕੋਲ 1100 ਘੰਟੇ ਉਡਾਣ ਦਾ ਤਜਰਬਾ ਸੀ।
ਸਭ ਤੋਂ ਮਹੱਤਵਪੂਰਨ ਜਾਣਕਾਰੀ ਜੋ ਦਿੱਤੀ ਗਈ ਹੈ ਉਹ ਇਹ ਹੈ ਕਿ ਇਸ ਜਹਾਜ਼ ਨੇ ਅਹਿਮਦਾਬਾਦ ਹਵਾਈ ਅੱਡੇ ਦੇ ਰਨਵੇ 23 ਤੋਂ ਦੁਪਹਿਰ 1.39 ਵਜੇ ਉਡਾਣ ਭਰੀ। ਜਿਵੇਂ ਹੀ ਇਹ ਉਡਾਣ ਭਰਿਆ, ਇਸਨੇ ਨਜ਼ਦੀਕੀ ਏਟੀਸੀ ਨੂੰ MAYDAY ਕਾਲ ਦਿੱਤੀ, ਪਰ ਇਸ ਤੋਂ ਬਾਅਦ ਜਹਾਜ਼ ਵੱਲੋਂ ਏਟੀਸੀ ਨੂੰ ਕੋਈ ਸਿਗਨਲ ਨਹੀਂ ਦਿੱਤਾ ਗਿਆ। ਉਡਾਣ ਭਰਨ ਤੋਂ ਕੁਝ ਸਕਿੰਟਾਂ ਬਾਅਦ, ਜਹਾਜ਼ ਹਵਾਈ ਅੱਡੇ ਦੇ ਅਹਾਤੇ ਦੇ ਬਾਹਰ ਡਿੱਗ ਗਿਆ।