ਅਹਿਮਦਾਬਾਦ ਵਿੱਚ ਏਅਰ ਇੰਡੀਆ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ, ਦੂਜੇ ਏਅਰ ਇੰਡੀਆ ਦੇ ਜਹਾਜ਼ਾਂ ਵਿੱਚ ਲਗਾਤਾਰ ਤਕਨੀਕੀ ਨੁਕਸ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹੈ। ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਮਿਲੀ ਜਾਣਕਾਰੀ ਮੁਤਾਬਕ ਸੈਨ ਫਰਾਂਸਿਸਕੋ ਤੋਂ ਮੁੰਬਈ ਆ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਕੋਲਕਾਤਾ ਏਅਰਪੋਰਟ ਤੇ ਐਮਰਜੈਂਸੀ ਲੈਡਿੰਗ ਕਰਵਾਉਣੀ ਪਈ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਜਹਾਜ਼ ਦੇ ਖੱਬੇ ਇੰਜਣ ਵਿੱਚ ਸਮੱਸਿਆ ਆਈ ਹੈ। ਇਸ ਤੋਂ ਬਾਅਦ ਜਹਾਜ਼ ਨੂੰ ਕੋਲਕਾਤਾ ਹਵਾਈ ਅੱਡੇ ‘ਤੇ ਉਤਾਰਿਆ ਗਿਆ।
ਜਹਾਜ਼ ਦੇ ਉਤਰਨ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਉੱਥੇ ਉਤਾਰ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਜਹਾਜ਼ ਦੇ ਇੰਜਣ ਵਿੱਚ ਸਮੱਸਿਆ ਕਾਰਨ ਇਹ ਅੱਗੇ ਯਾਤਰਾ ਨਹੀਂ ਕਰ ਸਕਿਆ। ਪਿਛਲੇ ਕੁਝ ਦਿਨਾਂ ਤੋਂ ਉਡਾਣਾਂ ਦੌਰਾਨ ਲਗਾਤਾਰ ਸਮੱਸਿਆਵਾਂ ਆ ਰਹੀਆਂ ਹਨ। ਸੋਮਵਾਰ ਨੂੰ ਏਅਰ ਇੰਡੀਆ ਦੇ ਜਹਾਜ਼ ਨੂੰ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਂਗਕਾਂਗ ਵਾਪਸ ਜਾਣਾ ਪਿਆ।
ਜਾਣਕਾਰੀ ਅਨੁਸਾਰ ਏਅਰ ਇੰਡੀਆ ਦੀ ਉਡਾਣ AI180 ਸੈਨ ਫਰਾਂਸਿਸਕੋ ਤੋਂ ਮੁੰਬਈ ਆ ਰਹੀ ਸੀ। ਅਚਾਨਕ ਕੁਝ ਸਮੱਸਿਆ ਮਹਿਸੂਸ ਹੋਣ ਤੋਂ ਬਾਅਦ, ਇਸ ਉਡਾਣ ਨੂੰ ਸੋਮਵਾਰ ਰਾਤ ਨੂੰ ਲਗਭਗ 12:45 ਵਜੇ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਹਵਾਈ ਅੱਡੇ ‘ਤੇ ਉਤਾਰਿਆ ਗਿਆ।
ਉਤਰਨ ਤੋਂ ਬਾਅਦ ਪਤਾ ਲੱਗਾ ਕਿ ਜਹਾਜ਼ ਦੇ ਖੱਬੇ ਇੰਜਣ ਵਿੱਚ ਕੋਈ ਸਮੱਸਿਆ ਹੈ। ਇਸ ਤੋਂ ਬਾਅਦਮੰਗਲਵਾਰ ਸਵੇਰੇ ਲਗਭਗ 5:20 ਵਜੇ ਇਸ ਜਹਾਜ਼ ਦੀ ਅੱਗੇ ਦੀ ਯਾਤਰਾ ਰੱਦ ਕਰ ਦਿੱਤੀ ਗਈ। ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਜਹਾਜ਼ ਦੇ ਕੈਪਟਨ ਨੇ ਯਾਤਰੀਆਂ ਨੂੰ ਸੂਚਿਤ ਕੀਤਾ ਅਤੇ ਕਿਹਾ ਕਿ ਇਹ ਕਦਮ ਉਡਾਣ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਹੈ।
ਜ਼ਿਕਰਯੋਗ ਹੈ ਕਿ 12 ਜੂਨ ਨੂੰ ਏਅਰ ਇੰਡੀਆ ਦਾ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਲੰਡਨ ਜਾ ਰਿਹਾ ਸੀ ਜੋ ਅਹਿਮਦਾਬਾਦ ਦੇ ਇੱਕ ਮੈਡੀਕਲ ਕਾਲਜ ਕੈਂਪਸ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ। ਜਹਾਜ਼ ਉਡਾਣ ਭਰਨ ਤੋਂ ਇੱਕ ਮਿੰਟ ਤੋਂ ਵੀ ਘੱਟ ਸਮੇਂ ਬਾਅਦ ਹਾਦਸਾਗ੍ਰਸਤ ਹੋ ਗਿਆ ਸੀ ਅਤੇ ਇਸ ਵਿੱਚ ਸਵਾਰ 241 ਲੋਕਾਂ ਦੀ ਮੌਤ ਹੋ ਗਈ ਸੀ।