ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਪਹੁੰਚੇ ਹਾਈਕੋਰਟ। ਮਿਲੀ ਜਾਣਕਾਰੀ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ ਅਰਜ਼ੀ ਦਾਖਲ ਕੀਤੀ ਹੈ। ਅਰਜ਼ੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਜਾਮ ਲਗਾਏ ਹਨ,ਕਿ ਰਾਜਨੀਤਕ ਦਖਲਅੰਦਾਜ਼ੀ ਕਾਰਨ ਮਾਰਚ 2025 ਵਿੱਚ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ 7 ਮਾਰਚ 2025 ਨੂੰ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ (Golden Temple) ਦਾ ਮੁੱਖ ਗ੍ਰੰਥੀ ਨਿਯੁਕਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਸਿੱਖ ਧਰਮ ਦਾ ਪ੍ਰਤੀਕ ਹੈ ਅਤੇ ਇਹ ਅਹੁਦਾ ਧਾਰਮਿਕ ਤੌਰ ‘ਤੇ ਬਹੁਤ ਮਾਣਯੋਗ ਹੈ।
ਉਨ੍ਹਾਂ ਆਪਣੀ ਅਰਜ਼ੀ ਰਾਹੀਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਮੌਜੂਦਾ ਧਾਰਮਿਕ ਅਹੁਦੇ ਦੀ ਇੱਜ਼ਤ ਅਤੇ ਪਵਿਤ੍ਰਤਾ ਦੀ ਰੱਖਿਆ ਕੀਤੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ SGPC ਦੇ ਅੰਦਰ ਚੱਲ ਰਹੀ ਰਾਜਨੀਤਿਕ ਖਿੱਚੋਤਾਣ ਦਾ ਸਿੱਧਾ ਅਸਰ ਧਾਰਮਿਕ ਸੰਸਥਾਵਾਂ ‘ਤੇ ਪੈ ਰਿਹਾ ਹੈ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ।
ਸਰਨਾ ਨੇ ਜਤਾਇਆ ਇਤਰਾਜ਼
ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਗਿਆਨੀ ਰਘੁਬੀਰ ਸਿੰਘ ਵੱਲੋਂ ਹਾਈਕੋਰਟ ਵਿੱਚ ਅਰਜ਼ੀ ਦਾਇਰ ਕਰਨ ‘ਤੇ ਸਖਤ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਇੱਕ ਧਾਰਮਿਕ ਅਹੁਦੇਦਾਰ ਵੱਲੋਂ ਇੰਜ ਸੰਸਾਰਿਕ ਅਦਾਲਤ ਦੀ ਸ਼ਰਨ ਲੈਣਾ ਗੁਰਮਤਿ ਮਰਿਆਦਾ ਅਤੇ ਪਰੰਪਰਾ ਦੇ ਖਿਲਾਫ਼ ਹੈ।
ਸਰਨਾ ਨੇ ਕਿਹਾ ਕਿ ਜਿਸ ਅਹੁਦੇ ‘ਤੇ ਕੋਈ ਵਿਅਕਤੀ ਸੇਵਾ ਕਰ ਰਿਹਾ ਹੋਵੇ, ਉਸਨੂੰ ਚਾਹੀਦਾ ਹੈ ਕਿ ਉਹ ਉਸ ਅਹੁਦੇ ਦੇ ਇਤਿਹਾਸ ਨੂੰ ਸਮਝੇ। ਬਾਬਾ ਬੁੱਢਾ ਸਾਹਿਬ ਅਤੇ ਭਾਈ ਮਣੀ ਸਿੰਘ ਵਰਗੇ ਮਹਾਨ ਪੁਰਖਾਂ ਨੇ ਆਪਣੇ ਬਲੀਦਾਨ ਅਤੇ ਨਿਰਮਲ ਸੇਵਾ ਰਾਹੀਂ ਇਸ ਅਹੁਦੇ ਨੂੰ ਉਚਾਈਆਂ ‘ਤੇ ਪਹੁੰਚਾਇਆ ਹੈ। ਇਸੇ ਕਰਕੇ ਕਿਸੇ ਵੀ ਧਾਰਮਿਕ ਵਿਅਕਤੀ ਨੂੰ ਇਸ ਅਹੁਦੇ ਦੀ ਇਜ਼ਤ ਅਤੇ ਮੂਲ ਸਿਧਾਂਤਾਂ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਹੱਕ ਨਹੀਂ।
ਉਨ੍ਹਾਂ ਕਿਹਾ ਕਿ ਜਿਸ ਪਦਵੀ ‘ਤੇ ਸੇਵਾ ਨਿਭਾਉਂਦੇ ਹੋਈਏ ਉਸ ਪਦਵੀ ‘ਤੇ ਸੇਵਾ ਨਿਭਾ ਚੁੱਕੀਆਂ ਸ਼ਖ਼ਸੀਅਤਾਂ ਦੀਆਂ ਘਾਲਣਾ ਤੇ ਕੁਰਬਾਨੀਆਂ ਨੂੰ ਵੀ ਚੇਤੇ ਰੱਖਣਾ ਚਾਹੀਦਾ ਹੈ। ਸਰਨਾ ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਨੇ ਨਿੱਜੀ ਮੁਫਾਦਾਂ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਦੀ ਪਦਵੀ ਨੂੰ ਹੀ ਦੁਨਿਆਵੀ ਅਦਾਲਤ ਵਿਚ ਖੜਾ ਕਰ ਦਿੱਤਾ ਹੈ। ਇਸ ਨਾਲ ਨਾ ਸਿਰਫ਼ ਉਨ੍ਹਾਂ ਦੇ ਅਹੁਦੇ ਦੀ ਮਰਿਆਦਾ ਨੂੰ ਠੇਸ ਪਹੁੰਚੀ ਹੈ, ਬਲਕਿ ਉਨ੍ਹਾਂ ਦੀ ਆਪਣੀ ਛਵੀ ਵੀ ਧੁੰਦਲੀ ਹੋਈ ਹੈ।
ਸਰਨਾ ਨੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇੱਕ ਵਿਅਕਤੀ ਆਪਣੇ ਆਪ ਨੂੰ ਅਦਾਲਤ ਵਿੱਚ ਖੜਾ ਕਰ ਲੈਂਦਾ ਹੈ, ਤਾਂ ਉਸਨੂੰ ਧਾਰਮਿਕ ਸੇਵਾ ਤੋਂ ਹਟਾ ਕੇ ਪ੍ਰਸ਼ਾਸਕੀ ਡਿਊਟੀ ਵਿੱਚ ਤਬਦੀਲ ਕਰ ਦੇਣਾ ਚਾਹੀਦਾ ਹੈ।