ਵਿਜੀਲੈਂਸ ਵਿਭਾਗ ਵੱਲੋਂ ਪਿਛਲੇ ਦਿਨੀਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਜਿਸ ਤੋਂ ਬਾਅਦ ਮਜੀਠੀਆ ਨੂੰ ਅਦਾਲਤ ਵਿੱਚ ਪੇਸ਼ ਕਰਕੇ ਵਿਜੀਲੈਂਸ ਵਿਭਾਗ ਨੇ ਰਿਮਾਂਡ ਹਾਸਲ ਕੀਤਾ ਸੀ। ਅੱਜ ਸੱਤ ਦਿਨਾਂ ਦੇ ਰਿਮਾਂਡ ਦੀ ਮਿਆਦ ਮੁੱਕਣ ਮਗਰੋਂ ਮਜੀਠੀਆ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਜਿਸ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਵੱਲੋਂ ਵਿਰੋਧ ਕਰਨ ਲਈ ਮੁਹਾਲੀ ਜਾਣ ਪ੍ਰੋਗਰਾਮ ਉਲੀਕਿਆ ਗਿਆ ਸੀ। ਪਰ ਪੰਜਾਬ ਪੁਲਿਸ ਨੇ ਬਹੁਤ ਵੱਡੇ ਪੱਧਰ ਤੇ ਆਗੂਆਂ ਅਤੇ ਵਰਕਰਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਜਿਹੜੇ ਪਹਿਲਾਂ ਚਲੇ ਗਏ ਸੀ, ਉਨ੍ਹਾਂ ਨੂੰ ਅਦਾਲਤ ਤੋਂ ਦੂਰ ਰੱਖਿਆ ਗਿਆ ਹੈ। ਇਸ ਸਾਰੇ ਵਰਤਾਰੇ ਨੂੰ ਲੈਕੇ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਦੀ ਬੁਖਲਾਹਟ ਦੱਸਿਆ ਹੈ।
ਉਨ੍ਹਾਂ ਆਪਣੇ ਸੋਸ਼ਲ ਮੀਡੀਆ ਐਕਸ ਪੋਸਟ ਪਾ ਕੇ ਕਿਹਾ, ”ਮੁੱਖ ਮੰਤਰੀ ਨੇ ਪੰਜਾਬ ‘ਚ ਅਣਐਲਾਨੀ ਐਮਰਜੈਂਸੀ ਲਗਾ ਦਿੱਤੀ ਹੈ ❗ ਇਹ ਇਸ ਤਾਨਾਸ਼ਾਹੀ ਮੁੱਖ ਮੰਤਰੀ ਦੀ ਬੌਖਲਾਹਟ ਹੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਹੌਂਸਲੇ ਦੇਖ ਕੇ ਡਰ ਚੁੱਕਾ ਹੈ ❗ ਬਿਕਰਮ ਦੀ ਮੁਹਾਲੀ ਕੋਰਟ ਵਿੱਚ ਪੇਸ਼ੀ ਮੌਕੇ ਸਮਰਥਨ ਕਰਨ ਲਈ ਆ ਰਹੇ ਪੰਜਾਬ ਭਰ ਦੇ ਅਕਾਲੀ ਵਰਕਰਾਂ ਨੂੰ ਘਰਾਂ ਅਤੇ ਰਸਤਿਆਂ ਵਿੱਚੋਂ ਗ੍ਰਿਫਤਾਰ ਕਰਕੇ ਰੋਕਿਆ ਜਾ ਰਿਹਾ ਹੈ ❗ ਭਗਵੰਤ ਮਾਨ ਆ ਦੇਖ ਹੌਸਲਾ ਅਕਾਲੀ ਯੋਧੇ ਦਾ ਜੋ ਤੇਰੇ ਡਰ ਦਾ ਕਾਰਨ ਵੀ ਹੈ, ਅਕਾਲੀ ਨਾ ਕਦੇ ਪਹਿਲਾਂ ਡਰੇ ਹਨ ਤੇ ਨਾ ਡਰਨਗੇ ❗ ਸਾਨੂੰ ਮਾਣ ਹੈ ਪਾਰਟੀ ਦੇ ਇਹਨਾਂ ਚੜ੍ਹਦੀ ਕਲਾ ਵਾਲੇ ਵਰਕਰਾਂ ‘ਤੇ ਜੋ ਇਹਨਾਂ ਰੋਕਾ ਦੇ ਬਾਵਜੂਦ ਵੀ ਬੁਲੰਦ ਹੌਂਸਲੇ ਨਾਲ ਲੜਾਈ ਲੜ ਰਹੇ ਹਨ ❗”