ਪੰਜਾਬ ਦੇ ਮੋਗਾ ਸ਼ਹਿਰ ਵਿੱਚ ਬੀਤੇ ਸਮੇਂ ਸ਼ਿਵ ਸੈਨਾ ਆਗੂ ਮੰਗਤ ਰਾਮ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਦਾ ਪੁਲਿਸ ਨੇ ਐਨਕਾਉਂਟਰ ਕਰ ਦਿੱਤਾ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਮੋਗਾ ਪੁਲਿਸ ਕੁਝ ਦਿਨ ਪਹਿਲਾਂ ਇਨ੍ਹਾਂ ਮੁਲਜ਼ਮਾਂ ਨੂੰ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕਰਕੇ ਲਿਆਈ ਸੀ। ਜਿਸ ਦੇ ਚੱਲਦੇ ਅੱਜ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਸਿੰਘਾਂਵਾਲਾ ਸੂਏ ਦੇ ਨੇੜੇ ਅਸਲਾ ਰਿਕਵਰ ਕਰਨ ਲਈ ਪੁਲਿਸ ਟੀਮ ਉਨ੍ਹਾਂ ਨੂੰ ਲੈ ਕੇ ਗਈ ਸੀ ਪਰ ਉਸ ਥਾਂ ‘ਤੇ ਪਹੁੰਚਦੇ ਹੀ ਮੁਲਜ਼ਮਾਂ ਵਲੋਂ ਅਚਾਨਕ ਪੁਲਿਸ ਟੀਮ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਜਿਵੇਂ ਹੀ ਮੁਲਜ਼ਮਾਂ ਵਲੋਂ ਗੋਲੀਬਾਰੀ ਕੀਤੀ ਗਈ ਤਾਂ ਪੁਲਿਸ ਨੇ ਵੀ ਤੁਰੰਤ ਮੌਕੇ ‘ਤੇ ਜਵਾਬੀ ਫਾਇਰਿੰਗ ਕੀਤੀ। ਇਸ ਮੁਕਾਬਲੇ ਦੌਰਾਨ ਇੱਕ ਮੁਲਜ਼ਮ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ, ਜਦ ਕਿ ਦੂਜਾ ਮੁਲਜ਼ਮ ਭੱਜਣ ਦੀ ਕੋਸ਼ਿਸ਼ ਕਰਦਿਆਂ ਡਿੱਗ ਗਿਆ। ਜਿਸ ਕਾਰਨ ਉਸ ਦੇ ਲੱਤ ‘ਚ ਫਰੈਕਚਰ ਹੋਇਆ ਹੈ।
ਸ਼ਿਵ ਸੈਨਾ ਆਗੂ ਕਤਲ ਮਾਮਲੇ ਦੇ ਸੀ ਮੁਲਜ਼ਮ
ਇਸ ਸਬੰਧੀ ਮੋਗਾ ਦੇ ਐਸਪੀ ਡੀ ਬਲਕਿਸ਼ਨ ਸਿੰਗਲਾ ਨੇ ਕਿਹਾ ਕਿ “ਅਸੀਂ ਮੁਲਜ਼ਮਾਂ ਨੂੰ ਨਿਸ਼ਾਨਦੇਹੀ ਲਈ ਲੈ ਕੇ ਆਏ ਸੀ। ਉਨ੍ਹਾਂ ਵਲੋਂ ਪੁਲਿਸ ‘ਤੇ ਅਚਾਨਕ ਗੋਲੀ ਚਲਾਈ ਗਈ। ਸਵੈ-ਰੱਖਿਆ ਵਿੱਚ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਮੁਲਜ਼ਮਾਂ ਦੇ ਕੋਲੋਂ ਅਸਲਾ ਵੀ ਬਰਾਮਦ ਕੀਤਾ ਗਿਆ ਹੈ ਤੇ ਪੂਰੀ ਜਾਂਚ ਚੱਲ ਰਹੀ ਹੈ।”