ਕੈਨੇਡਾ ਦੇ ਸਰੀ ਵਿੱਚ ਬੀਤੇ ਸਮੇਂ ਦੋ ਪੰਜਾਬੀ ਨੌਜਵਾਨਾਂ ਵੱਲੋਂ ਇੱਕ ਆਦਮੀ ਨੂੰ ਆਪਣੀ ਕਾਰ ਥੱਲੇ ਦੇ ਕੇ ਦੂਰ ਤੱਕ ਘਸੀਟ ਕੇ ਲੈ ਗਏ ਤੇ ਉਨ੍ਹਾਂ ਵੱਲੋਂ ਲਾਸ਼ ਨੂੰ ਸੜਕ ਕਿਨਾਰੇ ਸੁੱਟ ਕੇ ਫ਼ਰਾਰ ਹੋ ਗਏ ਸਨ। ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਸਮੇਤ ਕਾਰ ਕਾਬੂ ਕਰ ਲਿਆ ਸੀ। ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਵਿੱਚ ਅਦਾਲਤ ਨੇ ਪੰਜਾਬ ਮੂਲ ਦੇ ਦੋ ਨੌਜਵਾਨਾਂ ਨੂੰ ਇੱਕ ਗੰਭੀਰ ਅਪਰਾਧ ਲਈ ਦੋਸ਼ੀ ਠਹਿਰਾਇਆ ਹੈ ਅਤੇ ਉਨ੍ਹਾਂ ਨੂੰ 3-3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਨ੍ਹਾਂ ਨੂੰ ਇੱਕ ਵਿਅਕਤੀ ਨੂੰ ਜਾਣਬੁੱਝ ਕੇ ਮਾਰਨ, 1.3 ਕਿਲੋਮੀਟਰ ਤੱਕ ਘਸੀਟਣ ਤੇ ਫਿਰ ਲਾਸ਼ ਨੂੰ ਸੜਕ ‘ਤੇ ਸੁੱਟਣ ਅਤੇ ਫਰਾਰ ਹੋਣ ਦਾ ਦੋਸ਼ੀ ਠਹਿਰਾਇਆ ਹੈ। ਜ਼ਿਕਰ ਕਰ ਦਈਏ ਕਿ ਸਜ਼ਾ ਦੇ ਨਾਲ ਦੋਵਾਂ ‘ਤੇ 3 ਸਾਲ ਲਈ ਗੱਡੀ ਚਲਾਉਣ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਸਜ਼ਾ ਪੂਰੀ ਹੋਣ ਤੋਂ ਬਾਅਦ ਦੋਵਾਂ ਨੂੰ ਭਾਰਤ ਭੇਜ ਦਿੱਤਾ ਜਾਵੇਗਾ।
ਕੀ ਹੈ ਪੂਰਾ ਮਾਮਲਾ ?
ਇਹ ਘਟਨਾ 27 ਜਨਵਰੀ, 2024 ਨੂੰ ਦੇਰ ਰਾਤ ਵਾਪਰੀ ਸੀ, ਜਦੋਂ 22 ਸਾਲਾ ਗਗਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਆਪਣੇ ਤੀਜੇ ਦੋਸਤ ਨਾਲ ਇੱਕ ਲਾਲ ਫੋਰਡ ਮਸਟੈਂਗ ਕਾਰ ਵਿੱਚ ਘੁੰਮ ਰਹੇ ਸਨ। ਉਹ ਨੇੜੇ ਦੀ ਇੱਕ ਪੀਜ਼ਾ ਦੁਕਾਨ ਤੋਂ ਨਿਕਲੇ ਸਨ। ਉਸ ਸਮੇਂ ਗਗਨਪ੍ਰੀਤ ਕਾਰ ਚਲਾ ਰਿਹਾ ਸੀ ਤੇ ਕਾਰ ਮਾਲਕ ਜਗਦੀਪ ਅਗਲੀ ਸੀਟ ‘ਤੇ ਬੈਠਾ ਸੀ।
ਇਸ ਦੌਰਾਨ ਦੋ ਗਵਾਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਯੂਨੀਵਰਸਿਟੀ ਡਰਾਈਵ ‘ਤੇ ਇੱਕ ਵਿਅਕਤੀ ਸੜਕ ‘ਤੇ ਪਿਆ ਸੀ। 1:41 ਵਜੇ ਦੇ ਕਰੀਬ ਜਦੋਂ ਗਵਾਹਾਂ ਨੇ 911 ‘ਤੇ ਫ਼ੋਨ ਕੀਤਾ, ਤਾਂ ਗਗਨਪ੍ਰੀਤ ਨੇ ਉਸ ਆਦਮੀ ਨੂੰ ਟੱਕਰ ਮਾਰੀ। 911 ਕਾਲ ਦੀ ਰਿਕਾਰਡਿੰਗ ਵੀ ਅਦਾਲਤ ਵਿੱਚ ਪੇਸ਼ ਕੀਤੀ ਗਈ, ਜਿਸ ਵਿੱਚ ਗਵਾਹ ਕਹਿੰਦਾ ਹੈ, “ਹਾਏ ਰੱਬਾ! ਕਿਸੇ ਨੇ ਉਸਨੂੰ ਮਾਰਿਆ… ਉਹ ਕਿੱਥੇ ਗਿਆ?… ਉਹ ਕਾਰ ਦੇ ਹੇਠਾਂ ਫਸ ਗਿਆ ਹੈ!”
1.3 ਕਿਲੋਮੀਟਰ ਤੱਕ ਘਸੀਟਿਆ ਸਰੀਰ
ਟੱਕਰ ਤੋਂ ਬਾਅਦ, ਦੋਵੇਂ ਦੋਸ਼ੀ ਕੁਝ ਦੇਰ ਲਈ ਕਾਰ ਰੋਕਦੇ ਹਨ ਅਤੇ ਹੇਠਾਂ ਉਤਰਦੇ ਹਨ ਤੇ ਕਾਰ ਦੇ ਹੇਠਾਂ ਦੇਖਦੇ ਹਨ। ਉਸ ਸਮੇਂ, ਗਵਾਹਾਂ ਦੀ ਕਾਰ ਅਤੇ ਉਨ੍ਹਾਂ ਦੇ ਦੋਸਤਾਂ ਦੀ ਇੱਕ ਹੋਰ ਕਾਰ ਉੱਥੇ ਪਹੁੰਚਦੀ ਹੈ। ਇੱਕ ਗਵਾਹ 911 ਕਾਲ ਦੌਰਾਨ ਗਗਨਪ੍ਰੀਤ ਨੂੰ ਦੱਸਦਾ ਹੈ – ਤੁਹਾਡੀ ਕਾਰ ਦੇ ਹੇਠਾਂ ਇੱਕ ਆਦਮੀ ਹੈ।ਪਰ ਇਸ ਦੇ ਬਾਵਜੂਦ, ਗਗਨਪ੍ਰੀਤ ਕਾਰ ਸਟਾਰਟ ਕਰਦਾ ਹੈ ਅਤੇ ਉੱਥੋਂ ਤੇਜ਼ੀ ਨਾਲ ਭੱਜ ਜਾਂਦਾ ਹੈ। ਉਹ ਵਿਅਕਤੀ ਅਜੇ ਵੀ ਕਾਰ ਦੇ ਹੇਠਾਂ ਫਸਿਆ ਹੋਇਆ ਸੀ। ਜਾਂਚ ਦੌਰਾਨ, ਇਹ ਪਾਇਆ ਗਿਆ ਕਿ ਦੋਵੇਂ ਦੋਸ਼ੀ ਕਾਰ ਨੂੰ ਲਾਸ਼ ਦੇ ਨਾਲ 1.3 ਕਿਲੋਮੀਟਰ ਤੱਕ ਘਸੀਟਦੇ ਰਹੇ।