*ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਾ ਸਾਹਿਬ ਦੀ ਰੌਸ਼ਨੀ ਵਿੱਚ ਸਾਰੀਆਂ ਪੰਥਕ ਧਿਰਾਂ ਨੂੰ ਚੁੱਲੇ ਸਮੇਟ ਕਿ ਇਕੱਠੇ ਹੋਣ ਦੀ ਅਪੀਲ*
*ਅਕਾਲੀ ਰਵਾਇਤ ਅਨੁਸਾਰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੀ ਹੋਵੇਗਾ ਜਨਰਲ ਇਜਲਾਸ*
ਚੰਡੀਗੜ੍ਹ (ਪ.ਪ)- ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋਂ ਬਣੀ ਭਰਤੀ ਕਮੇਟੀ ਦੇ ਕਾਰਜਸ਼ੀਲ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਵਲੋਂ ਭਰਤੀ ਮੁਹਿੰਮ ਨੂੰ ਮਿਲੇ ਸਮਰਥਨ ਤੇ ਸੰਤੁਸ਼ਟੀ ਪ੍ਰਗਟਾਈ ਕਰਦਿਆਂ ਸਮੁੱਚੇ ਵਰਕਰਾਂ ਦਾ ਧੰਨਵਾਦ ਕੀਤਾ। ਸਿੱਖ ਪੰਥ ਦੀਆਂ ਭਾਵਨਾਵਾਂ ਅਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ *ਪ੍ਰਧਾਨ* ਸਮੇਤ ਪੰਜਾਬ ਪ੍ਰਸਤ ਲੀਡਰਸ਼ਿਪ ਦੀ ਭਾਲ ਨੂੰ ਪੂਰਾ ਕਰਨ ਦੇ ਤਰੱਦਦ ਹੇਠ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਜਨਰਲ ਇਜਲਾਸ ਬੁਲਾਇਆ ਗਿਆ ਹੈ। ਪੰਜਾਬ ਸਮੇਤ ਦੂਜੇ ਸੂਬਿਆਂ ਤੋਂ ਚੁਣੇ ਗਏ ਸਟੇਟ ਡੈਲੀਗੇਟ ਇਜਲਾਸ ਵਿੱਚ ਹਿੱਸਾ ਲੈਣਗੇ। ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ 21 ਜੁਲਾਈ ਤੋਂ ਲੈਕੇ 30 ਜੁਲਾਈ ਤੱਕ ਜਿਲ੍ਹਾ ਅਤੇ ਸਟੇਟ ਡੈਲੀਗੇਟ ਦੀ ਲੋਕਤੰਤਰਿਕ ਤਰੀਕੇ ਜਰੀਏ ਸੂਬੇ ਭਰ ਵਿੱਚੋਂ ਹਲਕਾਵਾਰ ਚੋਣ ਕੀਤੀ ਜਾਵੇਗੀ।
ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਜਾਰੀ ਹੁਕਮਨਾਮਾ ਸਾਹਿਬ ਵਿੱਚ ਆਦੇਸ਼ ਸਨ ਕਿ ਵੱਖ-ਵੱਖ ਧੜੇ ਚੁੱਲ੍ਹੇ ਸਮੇਟ ਕਿ ਇਕੱਠੇ ਹੋਣ, ਉਸੇ ਆਦੇਸਾਂ ਦੀ ਰੌਸਨੀ ਵਿੱਚ ਕਮੇਟੀ ਮੈਂਬਰਾਂ ਨੇ ਮੁੜ ਖੁੱਲ੍ਹਾ ਸੱਦਾ ਦਿੰਦੇ ਸਾਰੀਆਂ ਪੰਥਕ ਧਿਰਾਂ ਨੂੰ ਇੱਕਠੇ ਹੋਣ ਦੀ ਅਪੀਲ ਕੀਤੀ। ਖਾਸ ਤੌਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਆਕੀ ਅਤੇ ਬਾਗੀ ਹੋ ਕੇ ਭਰਤੀ ਕਰਨ ਵਾਲੇ ਧੜੇ ਦੇ ਪ੍ਰਧਾਨ ਸਮੇਤ ਬਾਕੀ ਸਾਰੇ ਲੀਡਰ ਸਹਿਬਾਨ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਵੀ ਆਪਣੀਆਂ ਅਹੁਦੇਦਾਰੀਆਂ ਤਿਆਗ ਕੇ ਅਤੇ ਦਲ ਭੰਗ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਣ ਕਰਨ। ਭਰਤੀ ਕਮੇਟੀ ਨੇ ਫਿਰ ਆਪਣੇ ਸਟੈਂਡ ਸਪੱਸਟ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਨੈਤਿਕ ਅਧਿਕਾਰ ਗਵਾ ਚੁੱਕੀ ਲੀਡਰਸਿੱਪ ਨੂੰ ਲਾਂਭੇ ਕਰਕੇ ਜੋ ਪੰਥ ਪ੍ਰਵਾਨਿਤ ਲੀਡਰਸਿੱਪ ਦੇਣ ਦੇ ਆਦੇਸ਼ ਸਨ ਉਸ ਦੀ ਇੰਨਬਿੰਨ ਪਾਲਣਾ ਕੀਤੀ ਜਾਵੇਗੀ॥