ਪੰਜਾਬ ਦੇ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਨੇ ਦੋ ਵੱਖ-ਵੱਖ ਕਾਰਵਾਈਆਂ ਵਿੱਚ, ਜਿਨ੍ਹਾਂ ਵਿੱਚ ਸੀਮਾ ਸੁਰੱਖਿਆ ਬਲ (BSF ਪੰਜਾਬ) ਨਾਲ ਇੱਕ ਸੰਯੁਕਤ ਕਾਰਵਾਈ ‘ਚ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 8 ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਹਨ।
ਪੁਲਿਸ ਅਧਿਕਾਰੀਆਂ ਅਨੁਸਾਰ, ਬਰਾਮਦ ਕੀਤੇ ਗਏ ਹਥਿਆਰਾਂ ਵਿੱਚ 5 ਪਿਸਤੌਲ (.30 ਬੋਰ) ਅਤੇ 3 ਪਿਸਤੌਲ (9mm) ਸ਼ਾਮਲ ਹਨ। ਸਾਰੇ ਪਿਸਤੌਲਾਂ ਦੇ ਨਾਲ-ਨਾਲ ਉਨ੍ਹਾਂ ਦੇ ਸਬੰਧਤ ਮੈਗਜ਼ੀਨ ਵੀ ਜ਼ਬਤ ਕੀਤੇ ਗਏ ਹਨ। ਇਹ ਕਾਰਵਾਈ ਪੰਜਾਬ ਵਿੱਚ ਹਥਿਆਰਾਂ ਦੀ ਤਸਕਰੀ ਵਿਰੁੱਧ ਚਲਾਈ ਜਾ ਰਹੀ ਇੱਕ ਵਿਸ਼ੇਸ਼ ਮੁਹਿੰਮ ਤਹਿਤ ਕੀਤੀ ਗਈ ਹੈ।
ਮੁਲਜ਼ਮਾਂ ਵਿਰੁੱਧ ਅੰਮ੍ਰਿਤਸਰ ਦੇ ਥਾਣਾ ਘਰਿੰਡਾ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਹੁਣ ਇਸ ਤਸਕਰੀ ਗਿਰੋਹ ਦੇ ਬਾਕੀ ਮੈਂਬਰਾਂ ਅਤੇ ਸੰਭਾਵਿਤ ਵਿਦੇਸ਼ੀ ਸਬੰਧਾਂ ਦਾ ਪਤਾ ਲਗਾਉਣ ਲਈ ਪੂਰੇ ਨੈੱਟਵਰਕ ਦੀ ਜਾਂਚ ਕਰ ਰਹੀ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਲਖਵਿੰਦਰ ਸਿੰਘ, ਵਾਸੀ ਡਾਂਡੇ, ਅੰਮ੍ਰਿਤਸਰ, ਹਰਪ੍ਰੀਤ ਸਿੰਘ, ਵਾਸੀ ਡਾਂਡੇ, ਅੰਮ੍ਰਿਤਸਰ ਅਤੇ ਅਕਾਸ਼ਦੀਪ ਸਿੰਘ, ਵਾਸੀ ਚੱਬਲ, ਜ਼ਿਲ੍ਹਾ ਤਰਨਤਾਰਨ, ਗੁਰਪ੍ਰੀਤ ਸਿੰਘ, ਵਾਸੀ ਕਸੇਲ, ਜ਼ਿਲ੍ਹਾ ਤਰਨਤਾਰਨ ਵੱਜੋਂ ਹੋਈ ਹੈ।