ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ 2027 ਹੋਣੀਆਂ ਹਨ। ਪਰ ਉਸ ਤੋਂ ਪਹਿਲਾਂ ਹੀ ਸਿਆਸੀ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਪਿਛਲੇ ਦਿਨੀਂ ਸੁਨੀਲ ਜਾਖੜ ਨੇ ਅਕਾਲੀ ਦਲ ਅਤੇ ਬੀਜੇਪੀ ਦੇ ਗਠਜੋੜ ਦੀ ਵਕਾਲਤ ਕੀਤੀ ਸੀ। ਜਿਸ ਤੋਂ ਬਾਅਦ ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੁਨੀਲ ਜਾਖੜ ਦੇ ਬਿਆਨ ਦੀ ਫੂਕ ਕੱਢ ਦਿੱਤੀ ਹੈ, ਤੇ ਦਾਅਵਾ ਕੀਤਾ ਹੈ ਕਿ 2027 ਵਿੱਚ ਭਾਜਪਾ ਸਾਰੀਆਂ ਸੀਟਾਂ ਤੇ ਇਕੱਲੇ ਚੋਣਾਂ ਲੜਨ ਦੇ ਸਮਰਥ ਹੈ।
ਅਸ਼ਵਨੀ ਸ਼ਰਮਾ ਨੇ ਸਾਫ਼ ਕਿਹਾ ਕਿ ਪਾਰਟੀ 117 ‘ਚੋਂ 117 ਸੀਟਾਂ ‘ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਯਾਦ ਦਿਵਾਇਆ ਕਿ 2022 ਦੀ ਵਿਧਾਨ ਸਭਾ ਚੋਣ ਅਤੇ ਹਾਲ ਹੀ ‘ਚ ਹੋਈ ਲੋਕ ਸਭਾ ਚੋਣ ‘ਚ ਭੀ ਭਾਜਪਾ ਨੇ ਸਾਰੀਆਂ ਸੀਟਾਂ ‘ਤੇ ਇਕੱਲੇ ਹੀ ਚੋਣ ਲੜੀ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਪਾਰਟੀ ਦੇ ਵਰਕਰ ਪੂਰੇ ਜੋਸ਼ ਨਾਲ ਪੰਜਾਬ ‘ਚ ਕਮਲ ਖਿਲਾਉਣ ਲਈ ਮੈਦਾਨ ‘ਚ ਲੱਗੇ ਹੋਏ ਹਨ।
85 ਤੇ 15 ਵਾਲਾ ਕੀ ਸਮਝੌਤਾ?-ਅਸ਼ਵਨੀ ਸ਼ਰਮਾ
ਅਸ਼ਵਨੀ ਸ਼ਰਮਾ ਇਸ ਸਮੇਂ ਬਠਿੰਡਾ ਦੇ ਦੌਰੇ ‘ਤੇ ਸਨ। ਉਨ੍ਹਾਂ ਦੱਸਿਆ ਕਿ ਕਾਰਜਕਾਰੀ ਪ੍ਰਧਾਨ ਬਣਨ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੈ। ਉਨ੍ਹਾਂ ਕਿਹਾ, “ਹੁਣ ਹਰ ਵਿਅਕਤੀ ਰਾਜ ਦੀ ਸੱਤਾ ਤੋਂ ਆਮ ਆਦਮੀ ਪਾਰਟੀ ਤੋਂ ਮੁਕਤੀ ਚਾਹੁੰਦਾ ਹੈ।”
ਜਦੋਂ ਉਨ੍ਹਾਂ ਤੋਂ ਸੁਨੀਲ ਜਾਖੜ ਅਤੇ ਹੋਰ ਭਾਜਪਾ-ਅਕਾਲੀ ਨੇਤਾਵਾਂ ਦੇ ਬਿਆਨਾਂ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਤੋਂ ਇਹ ਵੀ ਪੁੱਛਿਆ ਗਿਆ ਕਿ 85 ਤੇ 15 ਵਾਲਾ ਕੀ ਸਮਝੌਤਾ ਸੀ? — ਪਰ ਉਨ੍ਹਾਂ ਨੇ ਇਸ ਸਵਾਲ ‘ਤੇ ਸਿੱਧਾ ਜਵਾਬ ਨਹੀਂ ਦਿੱਤਾ।
ਅਸ਼ਵਨੀ ਸ਼ਰਮਾ ਨੇ ਆਖੀ ਇਹ ਗੱਲ
ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ, “ਬਿਆਨਾਂ ਨੂੰ ਧਿਆਨ ਨਾਲ ਦੇਖੋ। ਲੋਕਾਂ ਨੇ ਕਾਂਗਰਸ ਦਾ ਕੰਮ ਵੀ ਦੇਖ ਲਿਆ ਹੈ, ਤੇ ਅਕਾਲੀ ਦਲ ਨੂੰ ਵੀ ਪਰਖ ਲਿਆ ਹੈ। ਹੁਣ ਜੇਕਰ ਕੋਈ ਪੁੱਛੇ ਕਿ ਤੁਸੀਂ ਵੀ ਤਾਂ ਅਕਾਲੀ ਦਲ ਨਾਲ ਸੀ, ਤਾਂ ਮੈਂ ਕਹਿਣਾ ਚਾਹੁੰਦਾ ਹਾਂ—ਹਾਂ, ਅਸੀਂ ਗਠਜੋੜ ਕੀਤਾ ਸੀ, ਪਰ ਉਹ 85 ਅਤੇ 15 ਵਾਲਾ ਕਿਹੋ ਜਿਹਾ ਗਠਜੋੜ ਸੀ, ਕਿਉਂਕਿ ਉਸ ਸਮੇਂ ਪੰਜਾਬ ਆਤੰਕਵਾਦ ਦੇ ਦੌਰ ਤੋਂ ਬਾਹਰ ਨਿਕਲ ਰਿਹਾ ਸੀ।”
ਉਨ੍ਹਾਂ ਕਿਹਾ, “ਅਸੀਂ 2022 ‘ਚ ਵਿਧਾਨ ਸਭਾ ਚੋਣਾਂ ਵੀ 117 ਸੀਟਾਂ ‘ਤੇ ਲੜੀਆਂ ਸਨ, ਜਿਵੇਂ ਕਿ ਹਾਲੀਆ ਲੋਕ ਸਭਾ ਚੋਣਾਂ ਵਿੱਚ ਵੀ ਸਾਰੀਆਂ 13 ਸੀਟਾਂ ‘ਤੇ ਮੈਦਾਨ ‘ਚ ਉਤਰੇ ਸਾਂ।”
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਤਰਨਤਾਰਨ ਵਿੱਚ ਹੋਣ ਵਾਲੇ ਉਪਚੋਣ ਲਈ ਭਾਜਪਾ ਪੂਰੀ ਤਿਆਰੀ ਵਿੱਚ ਹੈ ਅਤੇ ਜਿੱਤ ਹਾਸਲ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਵੱਧ ਰਹੇ ਨਸ਼ੇ ਦੇ ਪ੍ਰਭਾਵ ਅਤੇ ਲੈਂਡ ਪਾਲਿਸੀ ਨੂੰ ਲੈ ਕੇ ਮੌਜੂਦਾ ਸਰਕਾਰ ਦੀਆਂ ਨੀਤੀਆਂ ਨਾਕਾਮ ਸਾਬਤ ਹੋ ਰਹੀਆਂ ਹਨ।