ਬਾਘਾ ਪੁਰਾਣਾ, 1 ਅਗਸਤ (ਨਿਰਮਲ ਸਿੰਘ ਕਲਿਆਣ) ਮੋਗਾ ਜ਼ਿਲ੍ਹੇ ਵਿੱਚ ਪੈਂਦੇ ਥਾਣਾ ਬਾਘਾ ਪੁਰਾਣਾ ਪੁਲਿਸ ਅਤੇ ਐਸ ਡੀ ਐਮ ਨੂੰ ਮਿਲੀਆਂ ਹਦਾਇਤਾਂ ਤੋਂ ਬਾਅਦ ਰਾਜੇਆਣਾ ਪਿੰਡ ਵਿੱਚ ਚਲ ਰਹੇ ਨਜਾਇਜ਼ ਨਿਊ ਵੇਅ ਡਰੱਗ ਸੈਂਟਰ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਦਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਨਿਊ ਵੇਅ ਡਰੱਗ ਸੈਂਟਰ ਨਜਾਇਜ਼ ਚੱਲ ਰਿਹਾ ਸੀ। ਜਦੋਂ ਬਾਘਾ ਪੁਰਾਣਾ ਪੁਲਿਸ ਨੇ ਐਸਡੀਐਮ ਬਿਅੰਤ ਸਿੰਘ, ਅਤੇ ਤਹਿਸੀਲਦਾਰ ਨੂੰ ਨਾਲ ਲੈਕੇ ਸੈਂਟਰ ਦੀ ਚੈਕਿੰਗ ਕੀਤੀ ਤਾਂ ਮੌਕੇ ਤੇ 9/10 ਨੌਜਵਾਨ ਉਥੇ ਮੌਜੂਦ ਪਾਏ ਗਏ,ਜਿਸ ਦੌਰਾਨ ਉਨ੍ਹਾਂ ਦੇ ਮਾਪਿਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਵਾਪਸ ਘਰ ਭੇਜ ਦਿੱਤਾ ਗਿਆ ਹੈ। ਨਿਊ ਵੇਅ ਸੈਂਟਰ ਚਲਾਉਣ ਵਾਲੇ ਸੁਖਵੰਤ ਸਿੰਘ ਉਪਰ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਡੀਐਸਪੀ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਕਾਰਵਾਈ ਤਹਿਤ ਥਾਣਾ ਸਮਾਲਸਰ ਪੁਲਿਸ ਦੇ ਮੁਖੀ ਇੰਸਪੈਕਟਰ ਜਨਕ ਰਾਜ ਦੀ ਅਗਵਾਈ ਵਿੱਚ ਐਸ ਆਈ ਕੁਲਦੀਪ ਸਿੰਘ ਨੇ ਪੁਲਸ ਪਾਰਟੀ ਨਾਲ ਇਲਾਕੇ ਵਿਚ ਗਸ਼ਤ ਕਰਦਿਆਂ ਦੌਰਾਨ, ਇੱਕ ਮੋਟਰਸਾਈਕਲ ਸਵਾਰ ਗੁਰਜੰਟ ਸਿੰਘ ਉਰਫ਼ ਜੰਟਾ ਵਾਸੀ ਮੱਲਵਾਲ ਕਦੀਮ ਥਾਣਾ ਕੁਲਗੜੀ ਫਿਰੋਜ਼ਪੁਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਸ ਮੌਕੇ ਲਾਲ ਰੰਗ ਦਾ ਡਿਸਕਵਰ ਮੋਟਰਸਾਈਕਲ ਨੰਬਰ PB-05 -U-6414 ਕਬਜ਼ੇ ਵਿੱਚ ਲਿਆ ਗਿਆ ਹੈ । ਇਸ ਤੋਂ ਬਾਅਦ ਪੁਲਿਸ ਨੇ ਮੁਕੱਦਮਾ ਨੰਬਰ 79 ਅ/ਧ21-61-85 ਐਨ ਡੀ ਪੀ ਐਸ ਐਕਟ ਤਹਿਤ ਥਾਣਾ ਸਮਾਲਸਰ ਵਿਖੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰੈਸ ਮੀਟਿੰਗ ਦੌਰਾਨ ਇੰਸਪੈਕਟਰ ਜਤਿੰਦਰ ਸਿੰਘ ਥਾਣਾ ਬਾਘਾਪੁਰਾਣਾ, ਇੰਸਪੈਕਟਰ ਜਨਕ ਰਾਜ ਥਾਣਾ ਸਮਾਲਸਰ,ਐਸ ਆਈ ਕੁਲਦੀਪ ਸਿੰਘ ਅਤੇ ਹੋਰ ਸਟਾਫ ਵੀ ਮੌਕੇ ਤੇ ਹਾਜ਼ਰ ਸੀ।