ਪੰਜਾਬ ਵਿੱਚ ਕਾਂਗਰਸ ਨੂੰ ਗਰਾਊਂਡ ਪੱਧਰ ਤੇ ਮਜ਼ਬੂਤ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ ਕਾਂਗਰਸ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੇਂ ਜ਼ਿਲ੍ਹਾ ਪ੍ਰਧਾਨ ਲਗਾਉਣ ਲਈ 29 ਅਬਜਰਵਰ ਨਿਯੁਕਤ ਕਰ ਦਿੱਤੇ ਹਨ। ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਲਈ ਪਾਰਟੀ ਹਾਈਕਮਾਨ ਨੇ ਸੰਗਠਨ ਸਿਰਜਨ ਅਭਿਆਨ ਦੇ ਤਹਿਤ 29 ਆਬਜ਼ਰਵਰ ਨਿਯੁਕਤ ਕੀਤੇ ਹਨ। ਚੋਣ ਦੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ। ਇਸ ਵਾਰੀ ਜੋ ਪ੍ਰਧਾਨ ਬਣਨਗੇ, ਉਹਨਾਂ ਦੀ ਭੂਮਿਕਾ ਕਾਫ਼ੀ ਅਹਿਮ ਰਹੇਗੀ।
ਬੂਥ ਕਮੇਟੀਆਂ ਦੀ ਬਣਤਰ
ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਬੂਥ ਕਮੇਟੀਆਂ ਬਣਾਉਣ ਦਾ ਕੰਮ ਕਰ ਰਹੀ ਹੈ। ਹਰ 20 ਬੂਥਾਂ ਲਈ ਇੱਕ ਮੰਡਲ ਕਮੇਟੀ ਬਣਾਈ ਜਾਵੇਗੀ, ਜਿਨ੍ਹਾਂ ਦੀ ਗਿਣਤੀ ਸੂਬੇ ਵਿੱਚ ਕੁੱਲ 1208 ਹੋਵੇਗੀ। 29 ਜ਼ਿਲ੍ਹਾ ਪ੍ਰਧਾਨ (ਕੁਝ ਜ਼ਿਲ੍ਹਿਆਂ ਵਿੱਚ ਸ਼ਹਿਰੀ ਅਤੇ ਪੇਂਡੂ) ਅਤੇ 280 ਬਲਾਕ ਪ੍ਰਧਾਨ ਪਹਿਲਾਂ ਹੀ ਨਿਯੁਕਤ ਕੀਤੇ ਗਏ ਹਨ। ਇਸੇ ਤਰ੍ਹਾਂ ਪੇਂਡੂ ਖੇਤਰਾਂ ਵਿੱਚ ਪਿੰਡ ਅਤੇ ਸ਼ਹਿਰੀ ਖੇਤਰਾਂ ਵਿੱਚ ਵਾਰਡ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ।
ਨਜ਼ਰ ਰੱਖਣਗੇ ਤੇ ਸਾਰੀ ਰਿਪੋਰਟ ਕਮੇਟੀ ਨੂੰ ਦੇਣਗੇ
ਉੱਥੇ 117 ਵਿਧਾਨ ਸਭਾ ਹਲਕਿਆਂ ਲਈ ਬਲਾਕ ਕੋਆਰਡੀਨੇਟਰ ਵੀ ਨਿਯੁਕਤ ਕੀਤੇ ਗਏ ਹਨ। ਇਸੇ ਤਰ੍ਹਾਂ ਹਰ ਦੋ ਹਲਕਿਆਂ ‘ਤੇ ਇੱਕ ਅਤੇ ਕੁੱਲ 58 ਸੰਗਠਨ ਆਬਜ਼ਰਵਰ ਦੀ ਨਿਯੁਕਤੀ ਕੀਤੀ ਗਈ ਹੈ। ਇਹ ਆਬਜ਼ਰਵਰ ਅਤੇ ਕੋਆਰਡੀਨੇਟਰ ਸਾਰੀਆਂ ਕਮੇਟੀਆਂ ਦੇ ਪਦਾਧਿਕਾਰੀਆਂ ਦੀਆਂ ਗਤੀਵਿਧੀਆਂ ਅਤੇ ਸਰਗਰਮੀ ‘ਤੇ ਨਜ਼ਰ ਰੱਖਣਗੇ ਅਤੇ ਇੱਕ ਮਹੀਨੇ ਦੇ ਅੰਦਰ ਆਪਣੀ ਰਿਪੋਰਟ ਪੰਜਾਬ ਕਾਂਗਰਸ ਕਮੇਟੀ ਨੂੰ ਦੇਣਗੇ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖੁਦ ਬਲਾਕ ਕਮੇਟੀਆਂ ਅਤੇ ਮੰਡਲ ਕਮੇਟੀਆਂ ਦੀ ਮੀਟਿੰਗ ਕਰ ਰਹੇ ਹਨ। ਜਿਸਦੀ ਸ਼ੁਰੂਆਤ ਉਨ੍ਹਾਂ ਨੇ ਖਰੜ ਵਿਧਾਨ ਸਭਾ ਹਲਕੇ ਤੋਂ ਕੀਤੀ ਹੈ। ਇਸ ਦੇ ਕੋਆਰਡੀਨੇਟਰ ਕਾਂਗਰਸ ਦੇ ਸੀਨੀਅਰ ਨੇਤਾ ਰਾਜਵੰਤ ਰਾਜ ਸ਼ਰਮਾ ਹਨ।