ਪੰਜਾਬ ਵਿੱਚ ਹਾਲਾਤ ਬਣੇ ਨਾਜ਼ੁਕ, ਸ਼ਰੇਆਮ ਗੁੰਡਾਗਰਦੀ ਦਾ ਹੋ ਰਿਹਾ ਨੰਗਾ ਨਾਚ,ਲੋਕ ਜੀ ਰਹੇ ਸਹਿਮ ਦੇ ਮਾਹੌਲ ਵਿੱਚ
ਬਾਘਾਪੁਰਾਣਾ 05 ਅਕਤੂਬਰ (ਤਰਲੋਚਨ ਸਿੰਘ ਬਰਾੜ ) :- ਪੰਜਾਬ ਵਿੱਚ ਅਜੇ ਵਿਧਾਨ ਸਭਾ ਚੋਣਾਂ ਹੋਣ ਨੂੰ ਡੇਢ ਸਾਲ ਦੇ ਕਰੀਬ ਪਿਆ ਹੈ। ਸਤਾਧਾਰੀ ਆਮ ਆਦਮੀ ਪਾਰਟੀ ਨੇ ਵਰਕਰਾਂ ਨੂੰ ਚੁਸਤ ਦਰੁਸਤ ਕਰਨ ਲਈ ਵੱਡੀ ਗਿਣਤੀ ਵਿੱਚ ਇੱਕ-ਇੱਕ ਹਲਕੇ ਨੂੰ ਕਈ-ਕਈ ਪ੍ਰਧਾਨ ਦੇ ਦਿੱਤੇ ਹਨ। ਮੋਗਾ ਜ਼ਿਲ੍ਹੇ ਦੇ ਹਲਕਾ ਬਾਘਾਪੁਰਾਣਾ ਵਿੱਚ 17 ਬਲਾਕ ਪ੍ਰਧਾਨ ਬਣਾਏ ਗਏ ਹਨ। ਧਰਮਕੋਟ ਵਿੱਚ 23 , ਮੋਗਾ ਵਿੱਚ 17, ਨਿਹਾਲ ਸਿੰਘ ਵਾਲਾ ਵਿੱਚ 15 ਬਲਾਕ ਪ੍ਰਧਾਨ ਨਿਯੁਕਤ ਕੀਤੇ ਹਨ। ਇਹ ਸਾਰੇ ਨਵੇਂ ਬਣਾਏ ਗਏ ਪ੍ਰਧਾਨਾਂ ਦੀ ਫੌਜ ਆਉਣ ਵਾਲੇ ਸਮੇਂ ਵਿੱਚ ਆਪਣੀ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਦਿਖਾਏਗੀ ਉਹ ਸਮੇਂ ਦੇ ਗਰਭ ਵਿੱਚ ਹੈ। ਏਨੀ ਵੱਡੀ ਗਿਣਤੀ ਵਿੱਚ ਇੱਕ ਹਲਕੇ ਅੰਦਰ ਬਲਾਕ ਪ੍ਰਧਾਨ ਨਿਯੁਕਤ ਕਰਨੇ,ਇਹ ਆਮ ਆਦਮੀ ਪਾਰਟੀ ਦੀ ਸੋਚ ਹੈ। ਇਸ ਤੋਂ ਪਹਿਲਾਂ ਕਿਸੇ ਵੀ ਸਿਆਸੀ ਪਾਰਟੀ ਨੇ ਇੱਕ ਹਲਕੇ ਅੰਦਰ ਦੋ ਤੋਂ ਵੱਧ ਕਦੇ ਬਲਾਕ ਪ੍ਰਧਾਨ ਨਹੀਂ ਲਗਾਏ ਸੀ।
ਪਰ ਦੂਜੇ ਪਾਸੇ ਵਿਰੋਧੀ ਪਾਰਟੀਆਂ ਸਰਕਾਰ ਨੂੰ ਨਿਸ਼ਾਨੇ ਤੇ ਲੈ ਰਹੀਆਂ ਹਨ। ਕਿਉਂਕਿ ਜੋ ਵਾਅਦੇ ਪਾਰਟੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਕੀਤੇ ਸੀ। ਉਹ ਕਿਤੇ ਨਾ ਕਿਤੇ ਪੂਰੇ ਹੁੰਦੇ ਨਜ਼ਰ ਨਹੀਂ ਆ ਰਹੇ ਹੈ। ਸਭ ਤੋਂ ਵੱਡਾ ਮੁੱਦਾ ਪੰਜਾਬ ਵਿੱਚ ਨਸ਼ਿਆਂ ਦੀ ਰੋਕਥਾਮ ਅਤੇ ਵੱਧਦੀ ਗੁੰਡਾਗਰਦੀ ਤੇ ਅਮਨ ਕਾਨੂੰਨ ਵਿਵਸਥਾ ਨੂੰ ਲੈਕੇ ਸਿਆਸੀ ਪਾਰਟੀਆਂ ਸੁਵਾਲ ਖੜ੍ਹੇ ਕਰ ਰਹੀਆਂ ਹਨ । ਲਗਾਤਾਰ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਬਣੀ ਹੋਈ ਹੈ। ਪੰਜਾਬ ਵਿੱਚ ਫ਼ਿਰੌਤੀਆਂ ਮੰਗਣ ਵਾਲਿਆਂ ਵੱਲੋਂ ਦਿਨ ਦਿਹਾੜੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਲੋਕਾਂ ਦੇ ਘਰਾਂ ਵਿੱਚ ਵੜਕੇ ਸ਼ਰੇਆਮ ਹਮਲੇ ਕੀਤੇ ਜਾ ਰਹੇ ਹੈ। ਕੋਈ ਪੁਛਣ ਵਾਲਾ ਨਹੀਂ। ਕੋਈ ਕਿਸੇ ਤੇ ਕਾਰਵਾਈ ਨਹੀਂ ਹੋ ਰਹੀ, ਪੁਲਿਸ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਗੁੰਡਾਗਰਦੀ ਕਰਨ ਵਾਲੇ ਲੋਕਾਂ ਦੀ ਕੌਣ ਪੁਸ਼ਤਪਨਾਹੀ ਕਰ ਰਿਹਾ ਹੈ। ਲੋਕ ਸਹਿਮ ਦੇ ਮਾਹੌਲ ਵਿੱਚ ਜੀ ਰਹੇ ਹਨ। ਬੀਤੇ ਦਿਨੀਂ ਬਰਨਾਲਾ ਵਿੱਚ ਸਰਪੰਚ ਦਾ ਕਤਲ ਅਤੇ ਹਲਕਾ ਬਾਘਾਪੁਰਾਣਾ ਦੇ ਏਅਰੀਏ ਵਿੱਚ ਜੋ ਵਾਰਦਾਤਾਂ ਹੋਈਆਂ ਉਨ੍ਹਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਲੋਕਾਂ ਵੱਲੋਂ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।ਜੇ ਪੰਜਾਬ ਸਰਕਾਰ ਨੇ ਰਹਿੰਦੇ ਸਮੇਂ ਇੰਨਾ ਗੱਲਾਂ ਵੱਲ ਧਿਆਨ ਨਾ ਦਿੱਤਾ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਇੰਨਾ ਕਾਰਨਾਂ ਕਰਕੇ ਵੱਡਾ ਖਿਮਿਆਜਾ ਭੁਗਤਣਾ ਪੈ ਸਕਦਾ ਹੈ।