ਮੋਗਾ 21 ਦਸੰਬਰ (ਪ.ਪ.) : ਪੰਜਾਬ ਸਿਰਫ ਇੱਕ ਸੂਬਾ ਹੀ ਨਹੀਂ, ਸਗੋਂ ਦੁਨੀਆ ਵਿੱਚ ਇੱਕ ਵਿਲੱਖਣ ਸਭਿਆਚਾਰਕ ਵਿਰਾਸਤ ਅਤੇ ਭਾਈਚਾਰਕ ਸਦਭਾਵਨਾ ਦਾ ਪ੍ਰਤੀਕ ਹੈ। ਪਰ ਹੁਣ ਇਹ ਸੂਬਾ ਰਾਜਨੀਤਕ, ਧਾਰਮਿਕ ਅਤੇ ਸੱਭਿਆਚਾਰਕ ਪੱਖੋਂ ਆਪਣੇ ਸ਼ਾਨਦਾਰ ਇਤਿਹਾਸ ਤੋਂ ਖੁੰਝਦਾ ਨਜ਼ਰ ਆ ਰਿਹਾ ਹੈ। ਇਹ ਵਿਚਾਰ ਮਹਾਨ ਸਤੰਤਰਤਾ ਸੰਗਰਾਮੀ ਬਾਬਾ ਕਿਰਪਾਲ ਸਿੰਘ ਜੀ ਰੋਡਿਆਂ ਵਾਲਿਆਂ ਦੇ ਪੋਤਰੇ ਅਤੇ ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ, ਰਾਜ ਪੁਰਸਕਾਰ ਜੇਤੂ ਡਾਕਟਰ ਜਸਵਿੰਦਰ ਸਿੰਘ ਬਰਾੜ ਨੇ ਕਿਸਾਨ ਜਥੇਬੰਦੀ ਦੇ ਆਗੂਆਂ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ, ਜੈ ਜਵਾਨ – ਜੈ ਕਿਸਾਨ ਦੇ ਨਾਅਰਿਆਂ ਨਾਲ ਪੰਜਾਬ ਦੇ ਨੌਜਵਾਨਾਂ ਅਤੇ ਕਿਸਾਨਾਂ ਨੇ ਭੁੱਖਮਰੀ ਨੂੰ ਖਤਮ ਕਰਨ ਅਤੇ ਦੇਸ਼ ਨੂੰ ਅੰਨ ਸੁਰੱਖਿਆ ਵਿੱਚ ਆਤਮ ਨਿਰਭਰ ਬਣਾਉਣ ਲਈ ਕਾਫੀ ਮਿਹਨਤ ਕੀਤੀ। ਪਰ ਮੋਜੂਦਾ ਸਮੇਂ ਵਿੱਚ, ਪੰਜਾਬ ਕਰਜ਼ਿਆਂ ਦੇ ਭਾਰ ਹੇਠ ਦੱਬਿਆ ਹੋਇਆ ਹੈ, ਜਿਸ ਕਾਰਨ ਕਿਸਾਨ ਅਤੇ ਮਜ਼ਦੂਰ ਵਰਗ ਨਿਰਾਸ਼ਾ ਦੇ ਦੌਰ ਵਿੱਚ ਗੁਜ਼ਰ ਰਹੇ ਹਨ।ਪੰਜਾਬ ਦੇ ਹਾਲਾਤ ਹਰ ਰੋਜ਼ ਬਦਤਰ ਹੋ ਰਹੇ ਹਨ, ਜਿਸ ਨਾਲ ਕਾਨੂੰਨ-ਵਿਵਸਥਾ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਇਸ ਸਥਿਤੀ ਨੇ ਹਰ ਵਰਗ ਦੇ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਸੰਦਰਭ ਵਿੱਚ, ਡਾ ਬਰਾੜ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਪਣੇ ਪੁਰਾਣੇ ਵਿਰਸੇ ਦੇ ਅਨੁਸਾਰ ਭਾਈਚਾਰਕ ਸਾਂਝ, ਵਿਸ਼ਵਾਸ ਅਤੇ ਸਤਿਕਾਰ ਦੀ ਭਾਵਨਾ ਨੂੰ ਜਾਰੀ ਰੱਖ ਕੇ ਇਕੱਠੇ ਰਹਿਣ ਦੀ ਜ਼ਰੂਰਤ ਹੈ, ਤਾਂ ਜੋ ਖੇਤੀ ਵਿਰੋਧੀ ਸ਼ਕਤੀਆਂ ਅਤੇ ਸੂਬੇ ਵਿਰੋਧੀ ਨੀਤੀਆਂ ਦੇ ਖਿਲਾਫ ਫੈਸਲਾਕੁਨ ਅਵਾਜ਼ ਬੁਲੰਦ ਕੀਤੀ ਜਾ ਸਕੇ । ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਨੇ ਵੀ ਇਸ ਮੌਕੇ ‘ਤੇ ਸਰਕਾਰ ਨੂੰ ਕਿਸਾਨੀ ਮਸਲਿਆਂ ਦੇ ਹੱਲ ਲਈ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਨਹੀਂ ਤਾਂ ਕਿਸਾਨਾਂ ਵੱਲੋਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ‘ਤੇ ਸ਼੍ਰੋਮਣੀ ਕਵੀਸ਼ਰ ਪੰਡਿਤ ਸੋਮ ਨਾਥ ਤੋਂ ਇਲਾਵਾਭਾਰਤੀ ਕਿਸਾਨ ਯੂਨੀਅਨ ਦੇ ਸਾਰੇ ਆਗੂ ਅਤੇ ਵਰਕਰ ਮੌਜੂਦ ਸਨ।
PUNJAB




INDIA








WORLD










