ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਵਿੱਚ ਪੈਂਦੇ ਕੋਟਕਪੂਰਾ ਏਰੀਏ ਵਿੱਚ ਸਾਈਬਰ ਠੱਗਾ ਨੇ ਦੋ ਵਿਅਕਤੀਆਂ ਤੋਂ 33 ਲੱਖ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਕੋਟਕਪੂਰਾ ਨਿਵਾਸੀ ਸੋਮਨਾਥ ਗਰਗ ਨੂੰ ਨੈੱਟ ਬੈਂਕਿੰਗ ਦਾ ਪਾਸਵਰਡ ਅਪਡੇਟ ਕਰਨ ਦੇ ਬਹਾਨੇ ਅਣਪਛਾਤੇ ਠੱਗਾਂ ਨੇ ਝਾਂਸੇ ਵਿੱਚ ਲੈ ਲਿਆ। ਠੱਗਾਂ ਨੇ ਬੈਂਕ ਖਾਤੇ ਨਾਲ ਸਬੰਧਤ ਜਾਣਕਾਰੀ ਹਾਸਲ ਕਰਕੇ ਉਸਦੇ ਖਾਤੇ ਵਿੱਚੋਂ 16 ਲੱਖ ਰੁਪਏ ਕਢਵਾ ਲਏ। ਪੀੜਤ ਦੀ ਸ਼ਿਕਾਇਤ ’ਤੇ ਥਾਣਾ ਸਾਈਬਰ ਕ੍ਰਾਈਮ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।ਦੂਜੇ ਮਾਮਲੇ ਵਿੱਚ ਕੋਟਕਪੂਰਾ ਨੇੜਲੇ ਪਿੰਡ ਵਾੜਾ ਦਰਾਕਾ ਦੇ ਰਹਿਣ ਵਾਲੇ ਕੋਆਪਰੇਟਿਵ ਸੋਸਾਇਟੀ ਦੇ ਸੇਵਾ ਮੁਕਤ ਸੈਕਟਰੀ ਅਮਰਜੀਤ ਸਿੰਘ ਨਾਲ 17 ਲੱਖ ਰੁਪਏ ਦੀ ਠੱਗੀ ਹੋਈ। ਠੱਗ ਨੇ ਫੋਨ ਰਾਹੀਂ ਦੱਸਿਆ ਕਿ ਅਮਰਜੀਤ ਸਿੰਘ ਦੇ ਨਾਂ ’ਤੇ ਕੇਨਰਾ ਬੈਂਕ ਮੁੰਬਈ ਵਿੱਚ ਖਾਤਾ ਖੁੱਲ੍ਹਿਆ ਹੋਇਆ ਹੈ, ਜਿਸ ਵਿੱਚ ਮਨੀ ਲਾਂਡਰਿੰਗ ਰਾਹੀਂ ਵੱਡੀ ਰਕਮ ਆਈ ਹੈ। “ਡਿਜੀਟਲ ਅਰੇਸਟ” ਦਾ ਡਰ ਦਿਖਾ ਕੇ ਉਸ ਤੋਂ ਖਾਤੇ ਦੀ ਜਾਣਕਾਰੀ ਲੈ ਲਈ ਗਈ ਅਤੇ ਰਕਮ ਕਢਵਾ ਲਈ ਗਈ।
ਪੀੜਤ ਅਮਰਜੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਅਜਿਹੇ ਸਾਈਬਰ ਠੱਗਾਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਆਮ ਲੋਕਾਂ ਦੀ ਕਮਾਈ ਨੂੰ ਲੁੱਟਣ ਵਾਲਿਆਂ ’ਤੇ ਨਕੇਲ ਕਸੀ ਜਾ ਸਕੇ।
ਇਸ ਸਬੰਧੀ ਡੀਐਸਪੀ ਜਗਤਾਰ ਸਿੰਘ ਨੇ ਦੱਸਿਆ ਕਿ ਦੋਹਾਂ ਮਾਮਲਿਆਂ ਵਿੱਚ ਕੇਸ ਦਰਜ ਕਰ ਲਏ ਗਏ ਹਨ। ਸੋਮਨਾਥ ਗਰਗ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦਿਆਂ 9 ਲੱਖ 20 ਹਜ਼ਾਰ ਰੁਪਏ ਦੀ ਰਿਕਵਰੀ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਬਾਕੀ ਰਕਮ ਵੀ ਜਲਦੀ ਰਿਕਵਰ ਕਰਕੇ ਪੀੜਤਾਂ ਨੂੰ ਇਨਸਾਫ ਦਿਵਾਇਆ ਜਾਵੇਗਾ।
ਡੀਐਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬੈਂਕ ਜਾਂ ਵਿੱਤੀ ਲੈਣ-ਦੇਣ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਨਿੱਜੀ ਜਾਣਕਾਰੀ ਕਿਸੇ ਅਣਜਾਣ ਵਿਅਕਤੀ ਨਾਲ ਸਾਂਝੀ ਨਾ ਕੀਤੀ ਜਾਵੇ।
PUNJAB




INDIA








WORLD










