ਮਾਮਲਾ ਪ੍ਰਧਾਨ ਮੰਤਰੀ ਬਾਜੇਕੇ ਅਤੇ ਸੰਦੀਪ ਸਿੰਘ ਸੰਨੀ ਤੇ ਜੇਲ ਪ੍ਰਸ਼ਾਸਨ ਦੁਆਰਾ ਧੱਕੇਸ਼ਾਹੀ ਤੇ ਧਾਰਮਿਕ ਅਪਮਾਨ ਦਾ
ਅੰਮ੍ਰਿਤਸਰ 27 ਅਪ੍ਰੈਲ – ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਤੋਂ ਆ ਰਹੀਆਂ ਤਾਜ਼ਾ ਖ਼ਬਰਾਂ ਸਿਰਫ਼ ਚਿੰਤਾਜਨਕ ਨਹੀਂ ਸਗੋਂ ਬਹੁਤ ਹੀ ਗੰਭੀਰ ਅਤੇ ਦੁਖਦਾਈ ਹਨ, ਜਿੱਥੇ ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਵਾਲੀਆਂ ਥਾਵਾਂ ਹੀ ਜ਼ਬਰ ਅਤੇ ਧਾਰਮਿਕ ਅਪਮਾਨ ਦੇ ਕੇਂਦਰ ਬਣਦੀਆਂ ਦਿਖ ਰਹੀਆਂ ਹਨ। ਅਕਾਲੀ ਦਲ ਵਾਰਿਸ ਪੰਜਾਬ ਦੇ ਮੀਡੀਆ ਇੰਚਾਰਜ ਭਾਈ ਸ਼ਮਸ਼ੇਰ ਸਿੰਘ ਪੱਧਰੀ ਵੱਲੋਂ ਜਾਰੀ ਕੀਤੇ ਪ੍ਰੈਸ ਨੋਟ ਰਾਹੀ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਬਾਪੂ ਤਰਸੇਮ ਸਿੰਘ ਜੀ ਨੇ ਕਿਹਾ ਕਿ ਬਠਿੰਡਾ ਜੇਲ੍ਹ ਵਿੱਚ ਨਜ਼ਰਬੰਦ ਪ੍ਰਧਾਨ ਮੰਤਰੀ ਬਾਜੇਕੇ ਵੱਲੋਂ ਸਾਹਮਣੇ ਆਈ ਫੋਨ ਕਾਲ ਵਿੱਚ ਇਹ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਜੇਲੵ ਪ੍ਰਸ਼ਾਸਨ ਵੱਲੋਂ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ, ਬਤੌਰ ਸਿੱਖ ਧਾਰਮਿਕ ਅਕੀਦਤ ਲਈ ਪਾਠ ਕਰਨ ਵਰਗੇ ਮੂਲ ਧਾਰਮਿਕ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਅਤੇ ਇਥੋਂ ਤੱਕ ਕਿ ਉਨ੍ਹਾਂ ਦੀ ਦਾੜੀ ਵੀ ਪੁੱਟੀ ਗਈ ਹੈ, ਇਹ ਸਿਰਫ਼ ਇਕ ਵਿਅਕਤੀ ਨਾਲ ਬਦਸਲੂਕੀ ਨਹੀਂ, ਸਗੋਂ ਸਿੱਖ ਕੌਮ ਦੀ ਪਹਿਚਾਣ ਤੇ ਵਿਸ਼ਵਾਸ ‘ਤੇ ਸਿੱਧਾ ਵਾਰ ਹੈ, ਜਿਸਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਸ੍ਰੀ ਮੁਕਤਸਰ ਸਾਹਿਬ ਜੇਲ੍ਹ ਵਿੱਚ ਬੰਦ ਭਾਈ ਸੰਦੀਪ ਸਿੰਘ ਸੰਨੀ ਨਾਲ ਵੀ ਹੋ ਰਹੀ ਧੱਕੇਸ਼ਾਹੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜਿੱਥੇ ਉਹ ਆਪਣੇ ਸੈੱਲ ਵਿੱਚ ਸੁਸ਼ੋਭਿਤ ਪੋਥੀ ਸਾਹਿਬ ਦੇ ਸਤਿਕਾਰ ਲਈ ਮਰਿਆਦਾ ਬਣਾਈ ਰੱਖਦੇ ਹਨ, ਪਰ ਜੇਲ੍ਹ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਜਾਣ-ਬੁੱਝ ਕੇ ਜੁੱਤੀਆਂ ਸਮੇਤ ਅੰਦਰ ਦਾਖਲ ਹੋ ਕੇ ਤਲਾਸ਼ੀ ਲੈਂਦੇ ਹਨ, ਜੋ ਸਿੱਧੀ-ਸਿੱਧੀ ਧਾਰਮਿਕ ਬੇਅਦਬੀ ਹੈ ਅਤੇ ਦੂਸਰੇ ਪਾਸੇ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਸਰਕਾਰ ਦੇ ਆਪਣੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਇੱਕ ਗੰਭੀਰ ਮਾਮਲੇ ਦੇ ਬਾਵਜੂਦ ਜੇਲ੍ਹ ਅੰਦਰ ਵੀ.ਆਈ.ਪੀ. ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ, ਜੋ ਪੰਜਾਬ ਵਿੱਚ ਚੱਲ ਰਹੇ ਦੋਹਰੇ ਮਾਪਦੰਡਾਂ ਨੂੰ ਬੇਨਕਾਬ ਕਰਦਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਸਿੱਖ ਕੈਦੀਆਂ ਦੇ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਸੱਤਾ ਨਾਲ ਜੁੜੇ ਲੋਕਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਬਾਪੂ ਤਰਸੇਮ ਸਿੰਘ ਜੀ ਨੇ ਜੇਲ ਪ੍ਰਸ਼ਾਸਨ ਵੱਲੋਂ ਸਿੱਖ ਨਜ਼ਰਬੰਦੀਆਂ ਨਾਲ ਕੀਤੇ ਜਾ ਰਹੇ ਇਸ ਘੱਟੀਆ ਰਵੱਈਏ ਦੀ ਸਖ਼ਤ ਲਫਜਾਂ ਵਿੱਚ ਨਿਖੇਧੀ ਕੀਤੀ ਅਤੇ ਪੰਜਾਬ ਸਰਕਾਰ ਅਤੇ ਖ਼ਾਸ ਕਰਕੇ ਡੀ.ਜੀ.ਪੀ. ਜੇਲ੍ਹਾਂ ਨੂੰ ਸਿੱਧਾ ਸਵਾਲ ਕੀਤਾ ਕਿ ਕੀ ਇਹੀ ਤੁਹਾਡੀ ਕਾਨੂੰਨ-ਵਿਵਸਥਾ ਹੈ, ਜਿੱਥੇ ਜੇਲ੍ਹਾਂ ਅੰਦਰ ਧਾਰਮਿਕ ਅਪਮਾਨ ਨੂੰ ਖੁੱਲ੍ਹੀ ਛੂਟ ਮਿਲ ਰਹੀ ਹੈ ਅਤੇ ਕੈਦੀਆਂ ਦੇ ਮੂਲ ਅਧਿਕਾਰਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ? ਜੇ ਇਹ ਮਾਮਲੇ ਤੁਰੰਤ ਗੰਭੀਰਤਾ ਨਾਲ ਨਾਂ ਲਏ ਗਏ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾਂ ਕੀਤੀ ਗਈ ਤਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਜਲਦ ਮੀਟਿੰਗ ਬੁਲਾ ਕੇ ਸਖ਼ਤ ਸਟੈਂਡ ਲਿਆ ਜਾਵੇਗਾ। ਅਕਾਲੀ ਦਲ ਵਾਰਿਸ ਪੰਜਾਬ ਦੇ ‘ਤੇ ਪੰਜਾਬ ਦੀ ਸਮੂਹ ਸੰਗਤ ਹੁਣ ਚੁੱਪ ਨਹੀਂ ਰਹੇਗੀ। ਸਰਕਾਰ ਨੂੰ ਬਿਆਨਾਂ ਨਾਲ ਨਹੀਂ, ਸਗੋਂ ਤੁਰੰਤ ਅਤੇ ਢੁਕਵੇਂ ਕਦਮ ਚੁੱਕ ਕੇ ਸੱਚ ਅਤੇ ਇਨਸਾਫ਼ ਨੂੰ ਯਕੀਨੀ ਬਣਾਉਣਾ ਪਵੇਗਾ।
PUNJAB




INDIA








WORLD










