ਪਟਿਆਲਾ 14 ਅਪ੍ਰੈਲ (ਪ.ਪ.) : ਸੀਨੀਅਰ ਟਕਸਾਲੀ ਅਕਾਲੀ ਲੀਡਰਾਂ ਵੱਲੋਂ ਸੁਖਬੀਰ ਬਾਦਲ ਦੁਆਰਾ ਲਏ ਜਾਂਦੇ ਫੈਸਲਿਆਂ ਦਾ ਲਗਾਤਾਰ ਵਿਰੋਧ ਹੁੰਦਾ ਦਿਖਾਈ ਦੇ ਰਿਹਾ ਹੈ , ਅਜਿਹਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਬਿਆਨ ਵਿਚ ਸਾਹਮਣੇ ਆਇਆ ਹੈ , ਜਿਨ੍ਹਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਪੰਜਾਬ ਵਿਚ ਟਿਕਟਾਂ ਦੀ ਵੰਡ ਕਰਨ ਲਈ ਅਜੇ ਢੁਕਵਾਂ ਸਮਾਂ ਨਹੀਂ ਹੈ। ਉਨ੍ਹਾਂ ਦੁਆਰਾ ਦਿਤੇ ਇਸ ਬਿਆਨ ਤੋਂ ਇਹ ਸਾਬਿਤ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਸਭ ਕੁਝ ਸਹੀ ਨਹੀਂ ਹੈ ਤੇ ਕਈ ਸੀਨੀਅਰ ਆਗੂ ਸਿਧੇ ਜਾਂ ਅਸਿੱਧੇ ਤਰੀਕੇ ਨਾਲ ਪ੍ਰਧਾਨ ਖਿਲਾਫ ਅਵਾਜ ਬੁਲੰਦ ਕਰ ਰਹੇ ਹਨ। ਚੰਦੂਮਾਜਰਾ ਨੇ ਇਹ ਵੀ ਕਿਹਾ ਕਿ ਪੰਜਾਬ ਨੂੰ ਅੱਜ ਆਰਥਿਕ ਅਤੇ ਖੇਤੀ ਸੰਕਟ ਵਿਚੋਂ ਕੱਢਣ ਦੀ ਲੋੜ ਹੈ ਪਰ ਪੰਜਾਬ ਸਰਕਾਰ ਦੁਆਰਾ ਇਸ ਗੰਭੀਰ ਮਸਲੇ ਵੱਲ ਧਿਆਨ ਨਹੀਂ ਦਿੱਤਾ ਜਾਂ ਰਿਹਾ । ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਦੀ ਫਸਲ ਮੰਡੀ ਵਿਚ ਰੁੱਲ ਰਹੀ ਹੈ ਪਰ ਕਾਂਗਰਸੀ ਵਿਧਾਇਕ ਮੰਡੀਆਂ ਵਿੱਚ ਫੋਟੋਆਂ ਖਿਚਵਾ ਕੇ ਡਰਾਮਾ ਕਰ ਰਹੇ ਹਨ।