ਫ਼ਰੀਦਕੋਟ- ਫ਼ਰੀਦਕੋਟ ਜਿਲਾ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਸਿੰਘ ਪਹਿਲਵਾਨ ਦੀ ਹੱਤਿਆ ਦੇ ਮਾਮਲੇ ਵਿੱਚ ਲੋੜੀਂਦੇ ਦੋਵਾਂ ਸ਼ੂਟਰਾਂ ਨੂੰ ਸ਼ੁੱਕਰਵਾਰ ਦਿੱਲੀ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ। ਆਰੋਪੀ ਸ਼ੂਟਰ ਰਾਜਨ ਅਤੇ ਛੋਟੂ ਦੀ ਫਰੀਦਕੋਟ ਪੁਲਿਸ ਦੁਆਰਾ ਵੀ ਤੇਜ਼ੀ ਨਾਲ ਤਲਾਸ਼ ਕੀਤੀ ਜਾ ਰਹੀ ਸੀ ਅਤੇ ਦਿੱਲੀ ਵਿੱਚ ਗ੍ਰਿਫਤਾਰੀ ਦੇ ਬਾਅਦ ਹੁਣ ਜਿਲਾ ਪੁਲਿਸ ਇਨ੍ਹਾਂ ਨੂੰ ਪ੍ਰਾਡਕਸ਼ਨ ਵਾਰੰਟ ਤੇ ਫਰੀਦਕੋਟ ਲੈ ਕੇ ਆਵੇਗੀ।
ਇਸ ਮਾਮਲੇ ਵਿੱਚ ਐਸਪੀ ਡਾ.ਬਾਲਕ੍ਰਿਸ਼ਣ ਸਿੰਗਲਾ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਸ਼ੂਟਰਾਂ ਦੀ ਗਿਰਫਤਾਰੀ ਦੀ ਸੂਚਨਾ ਦੇ ਬਾਅਦ ਫਰੀਦਕੋਟ ਪੁਲਿਸ ਦੇ ਵੱਲੋਂ ਦਿੱਲੀ ਪੁਲਿਸ ਦੇ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਨੂੰ ਪ੍ਰਾਡਕਸ਼ਨ ਵਾਰੰਟ ਉੱਤੇ ਛੇਤੀ ਹੀ ਫਰੀਦਕੋਟ ਲਿਆਂਦਾ ਜਾਵੇਗਾ । ਗੁਰਲਾਲ ਭਲਵਾਨ ਹੱਤਿਆ ਕਾਂਡ ਮਾਮਲੇ ਦੇ ਮੁੱਖ ਸਾਜ਼ਿਸ਼ਕਰਤਾ ਗੋਲਡੀ ਬਰਾੜ ਦੇ ਖਿਲਾਫ ਵੀ ਫਰੀਦਕੋਟ ਪੁਲਿਸ ਵੱਲੋਂ ਅਦਾਲਤ ਦੁਆਰਾ ਓਪਨ ਵਰੰਟ ਜਾਰੀ ਕਰਵਾ ਲਏ ਗਏ ਹਨ ਅਤੇ ਪੁਲਿਸ ਕਿਸੇ ਵੀ ਤਰੀਕੇ ਗੋਲਡੀ ਬਰਾੜ ਦੀ ਗ੍ਰਿਫਤਾਰੀ ਕਰਵਾਉਣ ਦੇ ਯਤਨ ਕਰ ਰਹੀ ਹੈ।
ਯਾਦ ਰਹੇ ਕਿ ਕਰੀਬ ਦੋ ਮਹੀਨੇ ਪਹਿਲਾਂ 18 ਫਰਵਰੀ ਨੂੰ ਫਰੀਦਕੋਟ ਦੇ ਜੁਬਲੀ ਸਿਨੇਮਾ ਚੌਕ ਵਿੱਚ ਗੁਰਲਾਲ ਸਿੰਘ ਪਹਿਲਵਾਨ ਦੀ ਮੋਟਰ ਸਾਈਕਲ ਸਵਾਰ ਦੋ ਸ਼ੂਟਰਾਂ ਨੇ ਅੰਨੇਵਾਹ ਫਾਇਰਿੰਗ ਕਰਕੇ ਹੱਤਿਆ ਕਰ ਦਿੱਤੀ ਸੀ ਅਤੇ ਬਾਅਦ ਵਿੱਚ ਪੜਤਾਲ ਦੇ ਦੌਰਾਨ ਸਾਹਮਣੇ ਆਇਆ ਸੀ ਕਿ ਇਸ ਹਤਿਆਕਾਂਡ ਨੂੰ ਰਾਜਸਥਾਨ ਦੀ ਅਜਮੇਰ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਅਤੇ ਕਨਾਡਾ ਵਿੱਚ ਰਹਿੰਦੇ ਗੋਲਡੀ ਬਰਾੜ ਨੇ ਅੰਜਾਮ ਦਿਲਵਾਇਆ ਹੈ ਅਤੇ ਹੱਤਿਆ ਲਈ ਹਰਿਆਣੇ ਦੇ ਗੈਂਗਸਟਰ ਕਾਲ਼ਾ ਜਠੇੜੀ ਨੇ ਆਪਣੇ ਦੋ ਸ਼ੂਟਰ ਰਾਜਨ ਅਤੇ ਛੋਟੂ ਨੂੰ ਭੇਜਿਆ ਸੀ। ਇਸ ਤੋਂ ਪਹਿਲਾਂ ਵੀ ਦਿੱਲੀ ਪੁਲਿਸ ਵੱਲੋਂ ਗੁਰਲਾਲ ਹਤਿਆ ਮਾਮਲੇ ਚ ਤਿੰਨ ਅਰੋਪਿਆ ਨੂੰ ਗਿਰਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਨੂੰ ਫਰੀਦਕੋਟ ਪੁਲਿਸ ਹਵਾਲੇ ਕੀਤਾ ਗਿਆ ਸੀ ਅਤੇ ਇਸ ਕੇਸ ਵਿੱਚ ਹੁਣ ਤੱਕ ਪੁਲਿਸ ਦੇ ਵੱਲੋਂ 9 ਆਰੋਪੀਆਂ ਨੂੰ ਗਿਰਫਤਾਰ ਕੀਤਾ ਜਾ ਚੁੱਕਿਆ ਹੈ ਅਤੇ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਦੋਨਾਂ ਸ਼ੂਟਰੋਂ ਦੀ ਗ੍ਰਿਫਤਾਰੀ ਦੇ ਬਾਅਦ ਹੁਣ ਗੁਰਲਾਲ ਕੇਸ ਵਿੱਚ ਗਿਰਫਤਾਰ ਆਰੋਪੀਆਂ ਦੀ ਗਿਣਤੀ 11 ਹੋ ਗਈ ਹੈ ।