ਬਾਘਾਪੁਰਾਣਾ 16 ਅਪ੍ਰੈਲ (ਪ.ਪ.) : ਪੰਜਾਬ ਦੀ ਸਿਆਸਤ ਦੇ ਸਭ ਵੱਡੇ ਸਿਆਸਤਦਾਨ ਵਜੋਂ ਜਾਣੇ ਜਾਂਦੇ ਅਤੇ ਪੰਜ ਵਾਰ ਪੰਜਾਬ ਦੇ ਮੁੱਖਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਲਕਾ ਬਾਘਾਪੁਰਾਣਾ ਦੇ ਸਾਬਕਾ ਵਿਧਾਇਕ ਸਵ. ਸਾਧੂ ਸਿੰਘ ਰਾਜੇਆਣਾ ਕਿਸੇ ਹੋਰ ਜਾਣ ਪਹਿਚਾਣ ਦੇ ਮੁਤਾਜ ਨਹੀਂ ਜਾਪਦੇ, ਅੱਜ ਸਰੀਰਕ ਤੌਰ ਤੇ ਚਾਹੇ ਸਾਧੂ ਸਿੰਘ ਰਾਜੇਆਣਾ ਇਸ ਦੁਨੀਆਂ ਵਿਚ ਨਹੀਂ ਹਨ ਪਰ ਉਨ੍ਹਾਂ ਦੁਆਰਾ ਸ਼ਹਿਰ ਬਾਘਾਪੁਰਾਣਾ ਵਿਚ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਵਿਕਾਸਸ਼ੀਲ ਕੰਮ ਅੱਜ ਵੀ ਆਪਣੇ ਮੂੰਹੋਂ ਪੂਰੀ ਬੇਬਾਕੀ ਨਾਲ ਬੋਲਦੇ ਹਨ। ਜੇਕਰ ਬੁੱਧੀਜੀਵੀ ਲੋਕਾਂ ਦੀ ਮੰਨੀਏ ਤਾਂ ਹਲਕਾ ਬਾਘਾਪੁਰਾਣਾ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਨੀਂਵ ਨੂੰ ਮਜਬੂਤ ਕਰਨ ਵਿਚ ਸਭ ਤੋਂ ਵੱਡਾ ਯੋਗਦਾਨ ਰਾਜੇਆਣਾ ਪਰਿਵਾਰ ਦਾ ਰਿਹਾ ਹੈ। ਸਵ. ਸਾਧੂ ਸਿੰਘ ਰਾਜੇਆਣਾ ਨੇ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਦੇ ਬਾਹਰ ਕਿਸਾਨਾਂ ਦੀ ਸਹੂਲਤ ਲਈ ਨਵੀਂ ਦਾਣਾ ਮੰਡੀ ਬਣਾਈ ਫਿਰ ਉਨ੍ਹਾਂ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦਿਆਂ ਉਨ੍ਹਾਂ ਦੇ ਫੌਰੀ ਮਸਲੇ ਹੱਲ ਕਰਵਾਉਣ ਲਈ ਸ਼ਹਿਰ ਦੇ ਮੁੱਦਕੀ ਰੋਡ ਉੱਪਰ ਇਕ ਵਿਸ਼ਾਲ ਕੋਰਟ ਕੰਪਲੈਕਸ ਬਣਵਾਉਣ ਲਈ ਮਨਜੂਰੀ ਲਈ ਗਈ , ਪੈਂਡੂ ਖੇਤਰ ਨੂੰ ਦੁੱਧ ਅਤੇ ਡੇਅਰੀ ਉਤਪਾਦਾਂ ਨਾਲ ਜੋੜਨ ਲਈ ਪਿੰਡ ਗਿੱਲ ਵਿਖੇ ਇੱਕ ਪ੍ਰੋਜੈਕਟ ਲਗਾਇਆ ਗਿਆ ਅਤੇ ਇਥੋਂ ਤੱਕ ਕਿ ਪਿੰਡ ਭਲੂਰ ਨੂੰ ਜਾਂਦੀ ਇਕ ਕੱਸੀ ਦਾ ਵੀ ਨਿਰਮਾਣ ਉਨ੍ਹਾਂ ਆਪਣੇ ਹੱਥੀਂ ਕਰਵਾਇਆ। ਉਨ੍ਹਾਂ ਦੁਆਰਾ ਉਕਤ ਕੀਤੇ ਗਏ ਕੰਮਾਂ ਦੀ ਬਦੌਲਤ ਅੱਜ ਲੋਕ ਅਨੇਕਾਂ ਸਹੂਲਤਾਂ ਦਾ ਲੁਫ਼ਤ ਉਠਾ ਰਹੇ ਹਨ ਪਰ ਇਸਦੇ ਉਲਟ ਸ਼ਹਿਰ ਬਾਘਾਪੁਰਾਣਾ ਦੇ ਕੁਝ ਕ ਸੀਨੀਅਰ ਅਕਾਲੀ ਸਿਆਸਤਦਾਨ ਸਵ. ਸਾਧੂ ਸਿੰਘ ਰਾਜੇਆਣਾ ਦੁਆਰਾ ਕੀਤੇ ਗਏ ਕੰਮਾਂ ਦਾ ਸਿਹਰਾ ਜਾਂ ਤਾਂ ਆਪ ਲੈ ਰਹੇ ਹਨ ਜਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਿਰ ਦੇ ਰਹੇ ਹਨ। ਸ਼ਹਿਰ ਬਾਘਾਪੁਰਾਣਾ ਅੰਦਰ ਮੌਕੇ ਤੇ ਹੋ ਰਹੇ ਸਿਆਸੀ ਸਮਾਗਮਾਂ ਦੌਰਾਨ ਸਵ. ਸਾਧੂ ਸਿੰਘ ਰਾਜੇਆਣਾ ਦਾ ਨਾਮ ਨਾ ਲੈਣਾ ਟਕਸਾਲੀ ਅਕਾਲੀ ਪਰਿਵਾਰਾਂ ਦੇ ਮੰਨਾਂ ਅੰਦਰ ਰੋਸ ਦਾ ਵੱਲਵਲਾ ਜਰੂਰ ਪੈਦਾ ਕਰ ਰਿਹਾ ਹੈ। ਸਵ. ਸਾਧੂ ਸਿੰਘ ਰਾਜੇਆਣਾ ਦੇ ਸਪੁੱਤਰ ਅਤੇ ਨਿਧੜਕ ਅਕਾਲੀ ਆਗੂ ਵਜੋਂ ਜਾਣੇ ਜਾਂਦੇ ਜਗਤਾਰ ਸਿੰਘ ਰਾਜੇਆਣਾ ਦਾ ਵੀ ਬਾਘਾਪੁਰਾਣਾ ਦੀ ਅਕਾਲੀ ਲੀਡਰਸ਼ਿਪ ਦੁਆਰਾ ਉਲੀਕੇ ਜਾਂਦੇ ਸਮਾਗਮਾਂ ਅਤੇ ਪਾਰਟੀ ਗਤੀਵਿਧੀਆਂ ਵਿਚ ਚੁੱਪ ਰਹਿਣਾ ਵੀ ਕਿਤੇ ਨਾ ਕਿਤੇ ਟਕਸਾਲੀ ਅਕਾਲੀ ਪਰਿਵਾਰਾਂ ਨੂੰ ਅੰਦਰੋਂ ਅੰਦਰੀ ਹਲੂਣ ਰਿਹਾ ਹੈ। ਇਲਾਕੇ ਵਿਚ ਚੰਗੇ ਅਸਰ ਰਸੂਖ ਅਤੇ ਹਿੰਡ ਨਾਲ ਕਰਵਾਏ ਵਿਕਾਸ ਕਾਰਜਾਂ ਦੀ ਬਦੌਲਤ ਹਲਕੇ ਦੀ ਲੋਕ ਭਾਖਿਆ ਜਗਤਾਰ ਸਿੰਘ ਰਾਜੇਆਣਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਬਾਘਾਪੁਰਾਣਾ ਤੋਂ ਟਿਕਟ ਦਾ ਉਮੀਦਵਾਰ ਦੇਖਣ ਦੀ ਇਸ਼ੂਕ ਹੈ। ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਵਿਚ ਬਿਰਾਜਮਾਨ ਇਕ ਆਗੂ ਨੇ ਇਥੋਂ ਤੱਕ ਕਹਿ ਦਿੱਤਾ ਕਿ ‘ਸਵ. ਸਾਧੂ ਸਿੰਘ ਰਾਜੇਆਣਾ ਅਤੇ ਜਗਤਾਰ ਸਿੰਘ ਰਾਜੇਆਣਾ ਪਾਰਟੀ ਹਾਈਕਮਾਂਡ ਕੋਲੋਂ ਹਿੰਡ ਨਾਲ ਕੰਮ ਕਰਵਾਉਣ ਲਈ ਜਾਣੇ ਜਾਂਦੇ ਸਨ ਪਰ ਹੁਣ ਦੀ ਲੀਡਰਸ਼ਿਪ ਵਿੱਚ ਕੁਝ ਗਿਣਤੀ ਦੇ ਲੋਕ ਆਪਣੇ ਅਸਰ ਰਸੂਖ ਨਾਲ ਕੰਮ ਲੈਣ ਦੀ ਬਜਾਏ ਚਾਪਲੂਸੀ ਕਰਨੀ ਜਿਆਦਾ ਪਸੰਦ ਕਰਦੇ ਹਨ।’ ਮੌਕੇ ਦੇ ਸਿਆਸੀ ਮਾਹਿਰਾਂ ਦੀ ਜੇਕਰ ਮੰਨੀਏ ਤਾਂ ਰਾਜੇਆਣਾ ਪਰਿਵਾਰ ਕੋਲ ਅੱਜ ਵੀ ਆਪਣੀ ਪੱਕੀ ਵੋਟ ਜਿਉਂ ਦੀ ਤਿਉਂ ਪਈ ਹੈ ਤੇ ਜੋ ਲੋਕ ਉਨ੍ਹਾਂ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਾਨ ਦੇਣ ਲਈ ਵੀ ਤਿਆਰ ਹਨ। ਅਜਿਹੇ ਵਿਚ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਅਕਾਲੀ ਸਿਆਸਤਦਾਨ ਬੇਲੋੜੀ ਫੂੰ ਫ਼ਾਂ ਛੱਡ ਕੇ ਪੁਰਾਣੇ ਲੀਡਰਾਂ ਦਾ ਆਪਣੇ ਭਾਸ਼ਣਾਂ ਵਿਚ ਜਿਕਰ ਕਰਦੇ ਹਨ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।