ਚੰਡੀਗੜ੍ਹ 20 ਅਪ੍ਰੈਲ (ਪ.ਪ.): ਕੋਟਕਪੂਰਾ ਗੋਲੀ ਕਾਂਡ ਦਾ ਮਸਲਾ ਹਾਈਕੋਰਟ ਵਲੋਂ ਸਿਟ ਦੀ ਰਿਪੋਰਟ ਰੱਦ ਕੀਤੇ ਜਾਣ ਬਾਅਦ ਲਗਾਤਾਰ ਸੁਰਖੀਆਂ ਦਾ ਹਿੱਸਾ ਬਣਿਆ ਹੋਇਆ ਹੈ। ਜਿਸਤੋਂ ਬਾਅਦ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ। ਇਕ ਨਿਜੀ ਚੈਨਲ ਨਾਲ ਗੱਲਬਾਤ ਕਰਦਿਆਂ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਨੇ ਸਰਕਾਰੀ ਵਕੀਲ ਏ. ਜੀ. ਅਤੁਲ ਨੰਦਾ ਉੱਪਰ ਕਰੜੇ ਸ਼ਬਦੀ ਹਮਲੇ ਕੀਤੇ ਤੇ ਉਨ੍ਹਾਂ ਕਿਹਾ ਕਿ ਗੋਲੀਕਾਂਡ ਮਾਮਲੇ ਦੀ ਰਿਪੋਰਟ ਸਰਕਾਰ ਦੇ ਲੀਗਲ ਪੱਖ ਦੀ ਨਾਲਾਇਕੀ ਕਰਕੇ ਹੀ ਰੱਦ ਹੋਈ ਹੈ। ਉਨ੍ਹਾਂ ਕਿਹਾ ਕਿ ਜੋ ਸਰਕਾਰੀ ਵਕੀਲ ਇਸ ਕੇਸ ਦੀ ਪੈਰਵਾਈ ਕਰਦੇ ਸਨ ਉਨ੍ਹਾਂ ਨੂੰ ਇਕ ਤਰੀਕ ਤੇ ਪੇਸ਼ ਹੋਣ ਦੀ ਫੀਸ ਉਨ੍ਹਾਂ ਦੀ ਤਿੰਨ ਸਾਲ ਦੀ ਤਨਖਾਹ ਦੇ ਬਰਾਬਰ ਸੀ। ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਪਾਸੋਂ ਕੀਤੇ ਵਕੀਲਾਂ ਪਾਸ ਜਦੋ ਉਹ ਆਪਣੇ ਵਲੋਂ ਕੇਸ ਦੀ ਪੜਤਾਲ ਕਰਨ ਲਈ ਦਿੱਲੀ ਜਾਂਦੇ ਸਨ ਤਾਂ ਉਨ੍ਹਾਂ ਦੇ ਦਫਤਰਾਂ ਬਾਹਰ ਲੰਬਾ ਸਮਾਂ ਚੋਂਕੀਦਾਰਾਂ ਵਾਂਗੂ ਖੜਨਾ ਪੈਂਦਾ ਸੀ, ਇਥੇ ਹੀ ਉਨ੍ਹਾਂ ਐਚ.ਐਸ. ਫੂਲਕਾ ਨੂੰ ਵੀ ਇਸ ਮਸਲੇ ਵਿਚ ਘੜੀਸਿਆ ਅਤੇ ਕਿਹਾ ਕਿ ਉਨ੍ਹਾਂ ਦੁਆਰਾ ਐਚ.ਐਸ. ਫੂਲਕਾ ਨੂੰ ਵੀ ਇਨ੍ਹਾਂ ਗੋਲੀਕਾਂਡ ਕੇਸਾਂ ਦੀ ਪੈਰਵਾਈ ਕਰਨ ਦੀ ਅਪੀਲ ਕੀਤੀ ਗਈ ਸੀ ਪਰ ਫੂਲਕਾ ਨੇ ਇਹ ਕਹਿ ਕਿ ਜਵਾਬ ਦੇ ਦਿੱਤਾ ਸੀ ਕਿ ਉਹ ਸੁਪ੍ਰੀਮ ਕੋਰਟ ਤੋਂ ਹੇਠਲੇ ਪੱਧਰ ਤੇ ਕੇਸਾਂ ਦੀ ਪੈਰਵਾਈ ਨਹੀਂ ਕਰਦੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਵਕੀਲਾਂ ਦਾ ਉਨ੍ਹਾਂ ਪ੍ਰਤੀ ਰਵਈਆਂ ਸਹੀ ਨਹੀਂ ਸੀ ਤੇ ਉਨ੍ਹਾਂ ਨਾਲ ਉਹ ਇਸ ਤਰ੍ਹਾਂ ਦਾ ਸਲੂਕ ਕਰਦੇ ਸਨ ਕਿ ਜਿਵੇਂ ਉਹ ਸਰਕਾਰ ਦੇ ਨਹੀਂ ਸਗੋਂ ਡਿਫੈਂਸ ਦੇ ਵਕੀਲ ਹੋਣ। ਜਿਥੇ ਉਨ੍ਹਾਂ ਇਸ ਸਾਰੇ ਮਸਲੇ ਵਿਚ ਸਰਕਾਰ ਦੇ ਲੀਗਲ ਪੈਨਲ ਨੂੰ ਇਸ ਸਾਰੀ ਕਾਰਗੁਜਾਰੀ ਲਈ ਜਿੰਮੇਵਾਰ ਠਹਿਰਾਇਆ ਉਥੇ ਹੀ ਉਨ੍ਹਾਂ ਇਸ ਕੇਸ ਜਰੀਏ ਵਕੀਲਾਂ ਨੂੰ ਦਿੱਤੇ ਗਏ ਮੋਟੇ ਪੈਸਿਆਂ ਉੱਪਰ ਵੀ ਸਵਾਲ ਚੁੱਕੇ।